Sidhu Moosewala Murder case: ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ 25 ਨਵੰਬਰ ਨੂੰ ਦੇਸ਼ ਛੱਡਣ ਦਾ ਐਲਾਨ, ਕਤਲ ਦੇ ਪੰਜ ਮਹੀਨੇ ਮਗਰੋਂ ਕੀਤੇ ਵੱਡੇ ਖੁਲਾਸੇ
Sidhu Moosewala Murder case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ 25 ਨਵੰਬਰ ਨੂੰ ਦੇਸ਼ ਛੱਡ ਦੇਵੇਗਾ।
ਅਸ਼ਰਫ ਢੁੱਡੀ ਤੇ ਨਵਦੀਪ ਆਹਲੂਵਾਲੀਆ ਦੀ ਰਿਪੋਰਟ
Sidhu Moosewala Murder case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ 25 ਨਵੰਬਰ ਨੂੰ ਦੇਸ਼ ਛੱਡ ਦੇਵੇਗਾ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋ ਗਏ ਹਨ ਪਰ ਅਜੇ ਤਕ ਇਨਸਾਫ ਨਹੀਂ ਮਿਲਿਆ।
ਸਿੱਧੂ ਦੇ ਪਿਤਾ ਨੇ ਕਿਹਾ ਕਿ ਮੈਂ ਉਸ ਦੀ ਮੌਤ ਤੋਂ ਬਾਅਦ ਇਨਸਾਫ ਲਈ ਕੋਈ ਧਰਨਾ ਨਹੀਂ ਲਾਇਆ। ਮੈਂ ਸਰਕਾਰ ਦਾ ਖਹਿੜਾ ਛੱਡ ਦਿਆਂਗਾ। ਮੈਂ ਆਪਣੀ ਐਫਆਈਆਰ ਵੀ ਵਾਪਸ ਲੈ ਲਵਾਂਗਾ। ਮੇਰਾ ਪੁੱਤ ਮਰ ਗਿਆ ਗੋਲੀਆ ਨਾਲ ਤੇ ਉਸੇ ਰਾਹ 'ਤੇ ਮੈਂ ਜਾਣਾ ਚਾਹੁੰਗਾ। ਮੈਂ ਬਹੁਤ ਸ਼ੌਂਕ ਨਾਲ ਆਪਣੇ ਪੁੱਤ ਨੂੰ ਪਾਲਿਆ ਸੀ। ਮੈਂ ਵੀ ਦੇਖਣਾ ਚਾਹੁੰਦਾ ਹਾਂ ਕਿ ਜਦੋਂ ਉਸ ਦੇ ਗੋਲੀਆਂ ਵੱਜੀਆਂ ਸੀ ਤਾਂ ਕਿੰਨੀ ਕੁ ਤਕਲੀਫ ਹੋਈ ਸੀ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜਿਸ ਰਸਤੇ ਮੇਰਾ ਪੁੱਤ ਗਿਆ ਹੈ, ਮੈਂ ਉਸੇ ਰਸਤੇ ਤੇ ਜਾਵਾਂ। ਰੋਂਦੇ ਹੋਏ ਸਿੱਧੂ ਦੇ ਪਿਤਾ ਨੇ ਇਹ ਗੱਲ ਕਹੀ। ਮੈਂ ਜਸਟਿਸ ਲੈਣ ਤੋਂ ਪਿੱਛੇ ਨਹੀਂ ਹਟਾਂਗਾ।
ਉਨ੍ਹਾਂ ਕਿਹਾ ਕਿ ਮੇਰਾ ਪੁੱਤ ਸੈਲੇਬ੍ਰਿਟੀ ਸੀ। ਉਸ ਨੇ ਦੋ ਕਰੋੜ ਰੁਪਏ ਟੈਕਸ ਭਰਿਆ ਸੀ। ਨੌਜਵਾਨਾਂ ਨੂੰ ਖੇਤੀ ਨਾਲ ਜੁੜਨ ਲਈ ਕਹਿੰਦਾ ਸੀ। ਸਿੱਧੂ ਕਹਿੰਦਾ ਸੀ ਜੇ ਆਪਾਂ ਮਿਹਨਤ ਕਰੀਏ ਤਾਂ ਕੀ ਨਹੀਂ ਹੋ ਸਕਦਾ। ਅਮਰੀਕਾ ਕੈਨੇਡਾ ਨੂੰ ਛੱਡ ਕੇ ਮੇਰੇ ਪੁੱਤ ਨੇ ਆਪਣੇ ਇਲਾਕੇ ਨੂੰ ਚੁਣਿਆ ਪਰ ਬਦਲੇ ਵਿੱਚ ਗੈਂਗਸਟਰਾਂ ਨੇ ਜਾਲ ਬੁਣਨੇ ਸ਼ੁਰੂ ਕਰ ਦਿੱਤੇ। ਸਰਕਾਰ ਕੀ ਕਰ ਰਹੀ ਹੈ। ਐਨਆਈਏ ਸੰਮਨ ਕਰ ਰਹੀ ਹੈ।ਇਹ ਵੀ ਪੜ੍ਹੋ: Punjab News: ਡੇਰਾ ਪ੍ਰੇਮੀਆਂ ਦੀਆਂ ਬੱਸਾਂ ਅੱਗੇ ਲੇਟ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਕੁਨ
ਉਨ੍ਹਾਂ ਕਿਹਾ ਕਿ ਸਿੱਧੂ ਨਾਲ ਜੋ ਗਾਣੇ ਗਾ ਰਿਹਾ ਸੀ, ਉਨ੍ਹਾਂ ਨੂੰ ਐਨਆਈਏ ਸੰਮਨ ਕਰ ਰਹੀ ਹੈ। ਸਿੱਧੂ ਦੀ ਗੱਡੀ ਤੇ ਫੋਨ ਤੇ ਪਿਸਤੌਲ ਵੀ ਮੈਂ ਤਾਂ ਪੁਲਿਸ ਨੂੰ ਦੇ ਦਿੱਤੇ। ਅਮਰੀਕਾ ਤੋਂ ਫੋਨ ਸਿੱਧੂ ਦਾ ਖੁੱਲਵਾ ਕੇ ਸਰਕਾਰ ਨੂੰ ਦੇ ਦਿੱਤਾ ਹੈ। ਜੇ ਸਰਕਾਰ ਚਾਹੁੰਦੀ ਹੈ ਕਿ ਸਿੱਧੂ ਦੀ ਮੌਤ ਨੂੰ ਗੈਂਗਵਾਰ ਦਾ ਨਤੀਜਾ ਬਣਾ ਕੇ ਮਗਰੋਂ ਲਾਹ ਦਿਓਗੇ ਤਾਂ ਇਹ ਭੁਲੇਖਾ ਆਪਣੇ ਦਿਲੋਂ ਕੱਢ ਦਿਓ।
ਉਨ੍ਹਾਂ ਕਿਹਾ ਕਿ ਲਾਰੈਂਸ ਦੀ ਬੀ ਟੀਮ ਚੰਡੀਗੜ੍ਹ ਬੈਠੀ ਹੈ। ਪੁਲਿਸ ਨੇ ਕਿਸੇ ਨੂੰ ਸੰਮਨ ਨਹੀਂ ਕੀਤਾ। ਮੇਰੇ ਪੁੱਤ ਨੂੰ ਸੋਚੀ-ਸਮਝੀ ਸਾਜਿਸ਼ ਅਧੀਨ ਮਰਵਾਇਆ ਗਿਆ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਖੇਤੀ ਕਰਕੇ ਆਪਣੇ ਪੁੱਤ ਦੀ ਫੀਸ ਭਰਦਾ ਰਿਹਾ ਹਾਂ। ਅਸੀਂ ਬਾਬਾ ਨਾਨਕ ਦੇ ਰਸਤੇ ਉੱਪਰ ਚੱਲ ਕੇ ਆਪਣੇ ਪੁੱਤ ਨੂੰ ਪਾਲਿਆ ਹੈ। ਅਸੀਂ ਗੈਂਗਸਟਰਾਂ ਦੀ ਕਮਾਈ ਨਾਲ ਕੁਝ ਨਹੀਂ ਕੀਤਾ। ਐਸਐਸਪੀ ਚਾਹਲ ਚੰਡੀਗੜ੍ਹ ਬੈਠਾ ਹੈ। ਉਨ੍ਹਾਂ ਨੂੰ ਪੁੱਛੋ 2020 ਵਿੱਚ ਐਫਆਈਆਰ ਕਿਉਂ ਹੋਈ ਸੀ।
ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦਾ ਕੋਈ ਮਰਿਆ ਹੈ ਤਾਂ ਐਸਐਸਪੀ ਨੂੰ ਪੁੱਛੋ ਐਫਆਈਆਰ ਕਿਉਂ ਹੋਈ ਸੀ। ਵਿੱਕੀ ਮਿੱਡੂਖੇੜਾ ਦਾ ਭਰਾ ਹੁਣ ਕਿੱਥੇ ਹੈ। ਹੁਣ ਕਿਉਂ ਨਹੀਂ ਵੀਡੀਓ ਪਾਉਂਦਾ, ਜਦੋਂ ਤਕ ਮੇਰਾ ਪੁੱਤ ਨਹੀਂ ਸੀ ਮਰਿਆ ਰੋਜ਼ ਵੀਡੀਓ ਬਣਾ-ਬਣਾ ਪਾਉਂਦਾ ਸੀ। ਸ਼ਗੁਨਪ੍ਰੀਤ ਦਾ ਨਾਮ ਲੈ ਕੇ ਮੇਰੇ ਪੁੱਤ ਦੀ ਮੌਤ ਦਾ ਵਾਰੰਟ ਕੱਢ ਦਿੱਤਾ। ਕੀ ਹੁਣ ਮੇਰਾ ਪੁੱਤ ਮਾਰ ਕੇ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨੂੰ ਨਿਆ ਮਿਲ ਗਿਆ।
ਉਨ੍ਹਾਂ ਕਿਹਾ ਕਿ ਮੈਂ 25 ਤਾਰੀਖ ਨੂੰ ਆਪਣੀ ਐਫਆਈਆਰ ਵਾਪਸ ਲੈ ਲਉਂਗਾ ਤੇ ਦੇਸ਼ ਛੱਡ ਦਿਉਂਗਾ। ਮੈਂ ਵਾਅਦਾ ਕਰਦਾ ਹਾਂ ਕਿ ਇੱਕ ਮਹੀਨਾ ਹੋਰ ਰੁਕਾਂਗਾ। ਮੈਂ ਤੁਹਾਡਾ ਮੁਲਕ ਛੱਡ ਦਿਆਂਗਾ, ਮੈਨੂੰ ਤੁਹਾਡੇ ਮੁਲਕ ਤੋਂ ਜਸਟਿਸ ਦੀ ਕੋਈ ਉਮੀਦ ਨਹੀਂ। ਮੇਰੇ ਪੁੱਤ ਨੂੰ ਮਾਰ ਕੇ ਇਨ੍ਹਾਂ ਗੈਂਗਸਟਰਾਂ ਦੇ ਰੇਟ ਵਧੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਇੰਡਸਟਰੀ ਦਾ ਬੰਦਾ ਸਾਡੇ ਨਾਲ ਨਹੀ ਖੜ੍ਹਾ ਆ ਕੇ। ਸੀਆਈਏ ਦੇ ਸਾਬਕਾ ਇੰਚਾਰਜ ਬਾਰੇ ਉਨ੍ਹਾਂ ਕਿਹਾ ਕਿ ਪ੍ਰਿਤਪਾਲ ਨੇ ਗੈਂਗਸਟਰਾਂ ਨੂੰ ਹੋਟਲਾਂ ਵਿੱਚ ਖਾਣੇ ਖਵਾਏ ਤੇ ਹੋਰ ਵੀ ਬਹੁਤ ਕੁਝ ਕੀਤਾ।