ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨੇ ਅੱਜ ਖੁੱਲ੍ਹ ਕੇ ਮੋਦੀ ਸਰਕਾਰ ਵਿਰੁੱਧ ਭੜਾਸ ਕੱਢੀ। ਸਿੱਧੂ ਨੇ ਕਿਹਾ ਮੋਦੀ ਸਰਕਾਰ ਲਗਾਏ ਗਏ "ਗੱਬਰ ਸਿੰਘ ਟੈਕਸ" ਦਾ ਆਤੰਕ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ ਅਤੇ ਇਸਦਾ ਅਸਰ ਗੁਜਰਾਤ ਚੋਣਾਂ ਤੋਂ ਇਲਾਵਾ ਪੂਰੇ ਦੇਸ਼ ਵਿੱਚ ਭਾਜਪਾ ਨੂੰ ਦੇਖਣ ਨੂੰ ਮਿਲੇਗਾ।
ਸਿੱਧੂ ਅੱਜ ਜੀ.ਐਸ.ਟੀ. ਖਿਲਾਫ ਕੀਤੇ ਗਏ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਨਵਜੋਤ ਸਿੱਧੂ ਅੱਜ ਜੀ.ਐਸ.ਟੀ. ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕਰਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਏ.ਬੀ.ਪੀ. ਸਾਂਝਾ ਦੇ ਪੱਤਰਕਾਰ ਰਾਜੀਵ ਸ਼ਰਮਾ ਨਾਲ ਖ਼ਾਸ ਗੱਲਬਾਤ ਕਰਦਿਆਂ ਮੋਦੀ ਸਰਕਾਰ ਖ਼ਿਲਾਫ ਖੁੱਲ੍ਹ ਕੇ ਗੁੱਸਾ ਕੱਢਿਆ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੇਂਦਰ ਸਰਕਾਰ ਦੇ ਜੀ.ਐਸ.ਟੀ. ਦੇ ਫੈਸਲੇ ਦਾ ਕਦੇ ਸਮਰਥਨ ਨਹੀਂ ਕੀਤਾ ਅਤੇ ਸ਼ੁਰੂ ਤੋਂ ਹੀ ਇਸ ਫੈਸਲੇ ਨੂੰ ਗ਼ਲਤ ਦੱਸਦਿਆਂ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਸ ਟੈਕਸ ਨੂੰ ਲਗਾ ਕੇ ਵਪਾਰੀਆਂ ਦਾ ਲੱਕ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹਿੱਸੇ ਦਾ ਬਣਦੀ ਜੀ.ਐਸ.ਟੀ. ਰਕਮ 3,600 ਕਰੋੜ ਜਲਦ ਤੋਂ ਜਲਦ ਪੰਜਾਬ ਨੂੰ ਦਿੱਤੀ ਜਾਵੇ। ਸਿੱਧੂ ਨੇ ਕਿਹਾ ਕਿ ਪੰਜਾਬੀ ਆਪਣਾ ਜਾਣਦੇ ਹਨ, ਇਸ ਲਈ "ਸਾਡਾ ਹੱਕ ਇਥੇ ਰੱਖ-ਨਹੀਂ ਫੱਟੇ ਦਿਆਂਗੇ ਚੱਕ।"
ਸਿੱਧੂ ਨੇ ਕਿਹਾ ਕਿ ਭਾਜਪਾ ਸਰਕਾਰ ਬਣਨ ਤੋਂ ਬਾਅਦ ਦੇਸ਼ ਵਿੱਚ ਮਹਿੰਗਾਈ ਵਧੀ ਹੈ ਅਤੇ ਹਰ ਚੀਜ਼ ਦੇ ਰੇਟਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਦੇ ਮੁੱਦੇ ਤੇ ਕੇਂਦਰ ਸਰਕਾਰ ਖ਼ੁਦ ਭੰਬਲਭੂਸੇ ਵਿੱਚ ਫਸ ਗਈ ਹੈ, ਇਸੇ ਕਰ ਕੇ ਸਰਕਾਰ ਨੂੰ ਇਸ ਟੈਕਸ ਨੂੰ ਕਦੇ ਵਧਾਉਣਾ ਪੈ ਰਿਹਾ ਹੈ ਅਤੇ ਘਟਾਉਣਾ ਪੈ ਰਿਹਾ ਹੈ।
ਸਿੱਧੂ ਨੇ ਵੱਧ ਰਹੀ ਮਹਿੰਗਾਈ ਤੇ ਮੋਦੀ ਸਰਕਾਰ ਨੂੰ ਆਪਣੇ ਅੰਦਾਜ਼ ਵਿੱਚ ਕਿਹਾ "ਪਹਿਲਾਂ ਝੰਡੇ 'ਚੋਂ ਕੱਢਿਆ ਡੰਡਾ ਤੇ ਹੁਣ ਮੁਰਗੀ ਤੋਂ ਮਹਿੰਗਾ ਅੰਡਾ।" ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜੀ.ਐਸ.ਟੀ. ਨੂੰ ਜਿਸ ਗੱਬਰ ਸਿੰਘ ਟੈਕਸ ਦਾ ਨਾਂਅ ਦਿੱਤਾ ਹੈ ਉਹ ਬਿਲਕੁਲ ਸਹੀ ਹੈ। ਉਨ੍ਹਾਂ ਸ਼ੇਅਰੋ-ਸ਼ਾਇਰੀ ਦੇ ਅੰਦਾਜ਼ ਵਿੱਚ ਮੋਦੀ ਸਰਕਾਰ ਨੂੰ ਕਿਹਾ ਕਿ ਅਜੇ ਵੀ ਸਮਾਂ ਹੈ ਸੰਭਾਲ ਜਾਵੋ ਨਹੀਂ ਤਾਂ ਦੇਸ਼ ਦੇ ਲੋਕ ਭਾਜਪਾ ਨੂੰ ਕਰਾਰ ਜਵਾਬ ਜ਼ਰੂਰ ਦੇਣਗੇ।