ਖਟਕੜ ਕਲਾਂ: ਮੀਡੀਆ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੇ ਪਾਰਕ ਦੇ ਬਿਜਲੀ ਦੇ ਬਿੱਲ ਦੀ ਬਕਾਇਆ ਰਾਸ਼ੀ ਨਾ ਤਾਰਨ ਦਾ ਸਵਾਲ ਪੁੱਛੇ ਜਾਣ 'ਤੇ ਸਿੱਧੂ ਨੇ ਮੌਕੇ 'ਤੇ ਜੇਬ 'ਚੋਂ ਇਸ ਨੂੰ ਦੇਣ ਦਾ ਫ਼ੈਸਲਾ ਕੀਤਾ ਤੇ ਨਿੱਜੀ ਖਾਤੇ ਵਿੱਚੋਂ ਪੀਐੱਸਪੀਸੀਐੱਲ ਦੇ ਨਾਂ ਢਾਈ ਲੱਖ ਰੁਪਏ ਦਾ ਚੈੱਕ ਕੱਟ ਕੇ ਡੀਸੀ ਸੋਨਾਲੀ ਗਿਰੀ ਨੂੰ ਸੌਂਪਿਆ।


ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੇ ਮਿਊਜ਼ੀਅਮ ਦੇ ਉਸਾਰੀ ਕਾਰਜ ਦੇ 8 ਸਾਲਾਂ ਤੋਂ ਲਟਕਣ ਦਾ ਨੋਟਿਸ ਲੈਂਦਿਆਂ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਾਜੈਕਟ ਦਾ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਸਹੂਲਤ ਲਈ ਖਟਕੜ ਕਲਾਂ ਲਈ ਵਿਸ਼ੇਸ਼ ਬੱਸਾਂ ਚਲਾਉਣ ਤੇ ਲੰਬੇ ਰੂਟ ਦੀਆਂ ਬੱਸਾਂ ਦੇ ਖਟਕੜ ਕਲਾਂ ਵਿਖੇ ਠਹਿਰਾਉ ਲਈ ਸਬੰਧਤ ਵਿਭਾਗ ਨਾਲ ਗੱਲ ਕੀਤੀ ਜਾਵੇਗੀ।

ਇਸ ਮੌਕੇ ਸਿੱਧੂ ਨੇ ਐਲਾਨ ਕੀਤਾ ਕਿ ਇਸ ਯਾਦਗਾਰ ਤੇ ਮਿਊਜ਼ੀਅਮ ਨੂੰ 23 ਮਾਰਚ 2018 ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਤਕ ਮੁਕੰਮਲ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸ਼ਹੀਦਾਂ ਦੀ ਵਿਰਾਸਤ ਨੂੰ ਸਾਂਭਣ ਦਾ ਫਰਜ਼ ਨਹੀਂ ਨਿਭਾਇਆ।

ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਯਾਦਗਾਰ ਤੇ ਮਿਊਜ਼ੀਅਮ ਦਾ ਕੰਮ 2009 ਵਿਚ ਪਿਛਲੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ ਜਿਸ ਨੂੰ ਮੁਕੰਮਲ ਕਰਨ ਦਾ ਸਮਾਂ 2011 ਵਿਚ ਮਿੱਥਿਆ ਗਿਆ ਸੀ ਪਰ ਮਿਆਦ ਤੋਂ ਛੇ ਸਾਲ ਗੁਜ਼ਰਨ ਤੋਂ ਬਾਅਦ ਵੀ ਪ੍ਰਾਜੈਕਟ ਨੇਪਰੇ ਨਾ ਚੜਿ੍ਹਆ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ 'ਚ ਫੰਡਾਂ ਦੀ ਘਾਟ ਨੂੰ ਆਉਣ ਦਿੱਤੀ ਜਾਵੇਗੀ।