ਪੜਚੋਲ ਕਰੋ
ਇੱਕ 'ਲਿਫਾਫੇ' ਕਾਰਨ ਵਿਧਾਇਕ ਨੂੰ ਝੱਲਣਾ ਪਿਆ ਸਿੱਧੂ ਦਾ ਗੁੱਸਾ

ਅੰਮ੍ਰਿਤਸਰ: ਵਾਤਾਵਰਨ ਦਿਵਸ ਮੌਕੇ ਦਰਿਆ ਬਿਆਸ ਵਿੱਚ ਮੱਛੀਆਂ ਛੱਡਣ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਿੱਕੀ ਜਿਹੀ 'ਭੁੱਲ' ਕਰਕੇ ਆਪਣੇ ਹੀ ਵਿਧਾਇਕ ਦੀ ਕਲਾਸ ਲਾ ਦਿੱਤੀ। ਮੱਛੀਆਂ ਛੱਡਣ ਮੌਕੇ ਸਿੱਧੂ ਨਾਲ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੀ ਆਏ ਸਨ। ਉਨ੍ਹਾਂ ਪ੍ਰਸ਼ਾਸਨ ਵੱਲੋਂ ਮੱਛੀਆਂ ਲਿਆਉਣ ਲਈ ਵਰਤੇ ਲਿਫਾਫੇ ਨੂੰ ਦਰਿਆ ਵਿੱਚ ਸੁੱਟ ਦਿੱਤਾ। ਵਿਧਾਇਕ ਭਲਾਈਪੁਰ ਦੀ ਇਸ ਹਰਕਤ 'ਤੇ ਸਿੱਧੂ ਤੈਸ਼ ਵਿੱਚ ਆ ਗਏ ਤੇ ਉਨ੍ਹਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਦੀ ਹਾਜ਼ਰੀ ਵਿੱਚ ਵਿਧਾਇਕ ਦੀ ਕਲਾਸ ਲਾ ਦਿੱਤੀ। ਬਾਅਦ ਵਿੱਚ ਪੱਤਰਕਾਰਾਂ ਨਾਲ ਇੱਕ ਵੀਡੀਓ ਦਿਖਾਉਣ ਤੋਂ ਬਾਅਦ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਦੇਸ਼ ਦਿੱਤਾ ਕਿ ਪਲਾਸਟਿਕ ਨੂੰ ਦਰਿਆ ਵਿੱਚ ਨਾ ਸੁੱਟਿਆ ਜਾਵੇ ਕਿਉਂਕਿ ਪਲਾਸਟਿਕ ਨਾਲ ਸਭ ਤੋਂ ਵੱਧ ਦਰਿਆ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਵਿੱਚ ਸਾਫ-ਸਫਾਈ ਦਾ ਖਿਆਲ ਰੱਖਣਾ ਸਾਡਾ ਮੁੱਢਲਾ ਫਰਜ਼ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਦਰਿਆਵਾਂ ਦੇ ਪਾਣੀ ਨੂੰ ਨੁਕਸਾਨ ਬਚਾਉਣ ਵਾਲੀਆਂ ਫੈਕਟਰੀਆਂ ਖਿਲਾਫ ਕਾਰਵਾਈ ਦੇ ਮੁੱਦੇ ਤੇ ਸਿੱਧੂ ਨੇ ਵਾਤਾਵਰਨ ਮੰਤਰੀ ਸਿਰ ਗੱਲ ਸੁੱਟਦਿਆਂ ਕਿਹਾ ਕਿ ਇਸ ਸੂਬਾ ਪੱਧਰ ਤੇ ਸਖ਼ਤ ਪਾਲਿਸੀ ਬਣਨੀ ਚਾਹੀਦੀ ਹੈ ਤੇ ਜੋ ਛੇਤੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪਰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਓਮ ਪ੍ਰਕਾਸ਼ ਸੋਨੀ ਹੀ ਦੇ ਸਕਦੇ ਹਨ। ਹਾਲਾਂਕਿ, ਆਪਣੀ ਸਰਕਾਰ ਦੇ ਚੂੰਢੀ ਵੱਢਣ ਤੋਂ ਬਾਅਦ ਥਾਪੜਨ ਭਾਵ ਤਾਰੀਫ਼ ਕਰਨ ਦਾ ਮੌਕਾ ਕਦੇ ਨਾ ਖੁੰਝਾਉਣ ਵਾਲੇ ਸਿੱਧੂ ਨੇ ਕੀੜੀ ਅਫ਼ਗਾਨਾ ਸਥਿਤ ਚੱਡਾ ਸ਼ੂਗਰ ਮਿੱਲ ਨੂੰ ਲਾਏ ਗਏ ਸਖ਼ਤ ਜ਼ੁਰਮਾਨੇ ਵਿਰੁੱਧ ਸਰਕਾਰ ਦੀ ਕਾਰਵਾਈ ਨੂੰ ਇੱਕ ਮਿਸਾਲ ਕਰਾਰ ਦਿੱਤਾ। ਬੀਤੀ 17 ਮਈ ਨੂੰ ਚੱਢਾ ਸ਼ੂਗਰ ਮਿੱਲ ਦੇ ਸੀਰਾ ਮਿਲਣ ਕਾਰਨ ਬਿਆਸ ਦਰਿਆ ਦਾ ਪਾਣੀ ਦੂਸ਼ਿਤ ਹੋ ਗਿਆ ਸੀ। ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੇ ਮਿੱਲ ਖਿਲਾਫ ਸਖ਼ਤ ਐਕਸ਼ਨ ਲੈਂਦਿਆਂ 5 ਕਰੋੜ ਦਾ ਜ਼ੁਰਮਾਨਾ ਲਗਾਇਆ ਸੀ ਤੇ ਫੈਕਟਰੀਆਂ ਵੀ ਬੰਦ ਕਰ ਦਿੱਤੀਆਂ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















