ਸਿੱਖ ਇਤਿਹਾਸ ਨਾਲ ਛੇੜਛਾੜ: ਸਿੱਖਿਆ ਬੋਰਡ ਸਾਹਮਣੇ ਅੱਜ ਮਹਾ ਰੈਲੀ, ਲੱਖਾ ਸਿਧਾਣਾ ਤੇ ਕਈ ਜਥੇਬੰਦੀਆਂ ਵੀ ਡਟੀਆਂ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਲਈ ਤੈਅ ਕੀਤੀ ਇਤਿਹਾਸ ਦੀ ਕਿਤਾਬ ਉੱਪਰ ਵਿਵਾਦ ਤਿੱਖਾ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਤੇ ਸਿੱਖ ਲੀਡਰ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ..
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਲਈ ਤੈਅ ਕੀਤੀ ਇਤਿਹਾਸ ਦੀ ਕਿਤਾਬ ਉੱਪਰ ਵਿਵਾਦ ਤਿੱਖਾ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਤੇ ਸਿੱਖ ਲੀਡਰ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸਿੱਖਿਆ ਬੋਰਡ ਦੇ ਬਾਹਰ ਚੱਲ ਰਹੇ ਧਰਨੇ ਨੂੰ ਵਿਆਪਕ ਹੁੰਗਾਰਾ ਮਿਲ ਰਿਹਾ ਹੈ। ਡਾ. ਪਿਆਰਾ ਲਾਲ ਗਰਗ, ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਤੇ ਲੱਖਾ ਸਿਧਾਣਾ ਵੱਲੋਂ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ।
ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸਿੱਖਿਆ ਬੋਰਡ ਦੇ ਬਾਹਰ ਚੱਲ ਰਿਹਾ ਲੜੀਵਾਰ ਧਰਨਾ ਸੋਮਵਾਰ ਨੂੰ 23ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸੇ ਤਹਿਤ ਅੱਜ ਸੂਬਾ ਪੱਧਰੀ ਮਹਾ ਰੈਲੀ ਕੀਤੀ ਜਾ ਰਹੀ ਹੈ। ਜਥੇਦਾਰ ਸਿਰਸਾ ਨੇ ਅੱਜ ਕੀਤੀ ਜਾ ਰਹੀ ਮਹਾ ਰੈਲੀ ਨੂੰ ਸਫ਼ਲ ਬਣਾਉਣ ਲਈ ਸਾਰੇ ਧਰਮਾਂ ਤੇ ਵਰਗਾਂ ਦੇ ਲੋਕਾਂ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ ਹੈ।
ਉਧਰ, ਇਸ ਵਿਵਾਦਤ ਕਿਤਾਬ ਸਬੰਧੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ, ਜਿਸ ਦੀ ਰਿਪੋਰਟ 5 ਮਾਰਚ ਤੱਕ ਆ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਅਧਿਕਾਰੀ ਗੈਰ ਜ਼ਿੰਮੇਵਾਰ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਧਰ, ਆਮ ਆਦਮੀ ਪਾਰਟੀ (ਆਪ) ਨੇ 12ਵੀਂ ਜਮਾਤ ਲਈ ਇਤਿਹਾਸ ਦੀਆਂ ਵਿਵਾਦਿਤ ਕਿਤਾਬਾਂ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸੱਤਾਧਾਰੀ ਕਾਂਗਰਸ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਉੱਤੇ ਇਤਿਹਾਸ ਖਾਸ ਕਰ ਸਿੱਖ ਇਤਿਹਾਸ ਅਤੇ ਗੁਰੂ ਦੀ ਬਾਣੀ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇੱਕ ਵੱਡੀ ਅਤੇ ਗਿਣੀ-ਮਿਥੀ ਸਾਜਿਸ਼ ਨਾਲ ਸਿੱਖ ਇਤਿਹਾਸ, ਸਿੱਖ ਗੁਰੂਆਂ, ਗੁਰੂ ਦੀ ਬਾਣੀ ਸਮੇਤ ਪੰਜਾਬ ਦੀ ਸਰਜਮੀਂ ਅਤੇ ਸ਼ਹੀਦਾਂ ਬਾਰੇ ਤੱਥਾਂ ਨੂੰ ਤੋੜ-ਮਰੋੜ ਕੇ ਗ਼ਲਤ ਬਿਆਨੀ ਨਵੀਂ ਪੀੜ੍ਹੀ ਨੂੰ ਪਰੋਸੀ (ਪੜ੍ਹਾਈ) ਜਾ ਰਹੀ ਹੈ, ਪ੍ਰੰਤੂ ਕਾਂਗਰਸ, ਕੈਪਟਨ ਅਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹ ਸੱਤਾਧਾਰੀ ਨਿੱਜੀ ਪਬਲੀਕੇਸ਼ਨ ਹਾਊਸਾਂ ਨਾਲ ਮਿਲ ਕੇ 'ਕਿਤਾਬ ਮਾਫ਼ੀਆ' ਰਾਹੀਂ ਪੈਸੇ ਕਮਾਉਣ ਤੋਂ ਇਲਾਵਾ ਕੁੱਝ ਨਹੀਂ ਸੋਚ ਰਹੇ, ਇਸੇ ਕਾਰਨ ਹੀ ਬੱਜਰ ਗ਼ਲਤੀਆਂ ਅਤੇ ਗੁਰੂ ਦੀ ਬਾਣੀ ਦੀ ਬੇਅਦਬੀਆਂ ਨਾਲ ਭਰੀ 100 ਰੁਪਏ ਦੀ ਕਿਤਾਬ 400 ਰੁਪਏ ਤੋਂ ਵੱਧ ਮੁੱਲ 'ਤੇ ਵੇਚੀ ਜਾ ਰਹੀ ਹੈ।