ਚੰਡੀਗੜ੍ਹ: ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਐਸਐਫਜੇ ਨੇ ਦਿੱਲੀ ਮੋਰਚੇ ’ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਤੇ ਜ਼ਖ਼ਮੀ ਕਿਸਾਨ ਨੂੰ 25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਐਸਐਫਜੇ 'ਤੇ ਪਾਬੰਦੀ ਲਾਈ ਹੋਈ ਹੈ।

ਐਸਐਫਜੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੀ ਲਾਈਵ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿੱਚ ਉਹ ਆਖ ਰਿਹਾ ਹੈ ਕਿ ਕਿਸਾਨਾਂ ਦੇ ਦਿੱਲੀ ਮੋਰਚੇ ਦੇ 100 ਦਿਨ ਪੂਰੇ ਹੋ ਚੁੱਕੇ ਹਨ। ਦਿੱਲੀ ਬਾਰਡਰਾਂ ਉੱਤੇ 300 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਸ਼ਹੀਦ ਕਿਸਾਨਾਂ ਦੀ ਸੂਬੇ ’ਚ ਗਿਣਤੀ 1700 ਤੋਂ ਵੱਧ ਹੈ।

ਕਿਸਾਨ ਜਥੇਬੰਦੀਆਂ 'ਤੇ ਵੀ ਨਿਸ਼ਾਨ ਲਾਉਂਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਮੋਰਚਾ ਲਾਇਆ ਸੀ ਅੱਜ ਉਹ ਸਟੇਜਾਂ ਛੱਡ ਕੇ ਦੂਜੇ ਰਾਜਾਂ ਵਿੱਚ ਜਾ ਕੇ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ। ਕਿਸਾਨਾਂ ਦੀਆਂ ਮੌਤਾਂ ਉੱਤੇ ਰਾਜਨੀਤੀ ਹੋ ਰਹੀ ਹੈ। ਕਿਸਾਨੀ ਮੋਰਚੇ ’ਚ ਸ਼ਹੀਦ ਕਿਸਾਨ ਦੇ ਪਰਿਵਾਰਾਂ ਨੂੰ ਇੱਕ ਲੱਖ ਰੁਪਏ ਤੇ ਜ਼ਖ਼ਮੀ ਕਿਸਾਨ ਨੂੰ 25 ਹਜ਼ਾਰ ਰੁਪਏ ਐਸਐਫਜ ਵੱਲੋਂ ਦੇਣ ਦਾ ਐਲਾਨ ਕੀਤਾ ਹੈ।

ਇਸ ਲਈ ਜਥੇਬੰਦੀ ਵੱਲੋਂ ਸਾਈਟ ਰਿਪੋਰਟ 2 ਯੂਐਨਓਆਰਜੀ ਬਣਾਈ ਗਈ ਹੈ। ਸ਼ਹੀਦ ਕਿਸਾਨ ਦੇ ਪਰਿਵਾਰਕ ਮੈਂਬਰ ਜਾਂ ਜਖ਼ਮੀ ਸਾਈਟ ਉੱਤੇ ਮੁਆਵਜ਼ੇ ਲਈ ਫ਼ਾਰਮ ਭਰਨ ਤੇ ਕਲਿੱਕ ਕਰਨ ਉੱਤੇ ਡਾਟਾ ਯੂਐਨ ਕੋਲ ਪੁੱਜੇਗਾ।

ਉਹ ਇਹ ਡਾਟਾ ਆਉਣ ਉੱਤੇ ਯੂਐਨ ਤੋਂ ਕਮਿਸ਼ਨ ਆਫ਼ ਇਨਕੁਆਰੀ ਬਣਾਉਣ ਦੀ ਮੰਗ ਕਰਨਗੇ ਤੇ ਮੋਦੀ ਸਰਕਾਰ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਲਈ ਜਵਾਬ ਦੇਹ ਬਣਾਉਣ ਲਈ ਮਜ਼ਬੂਰ ਕੀਤਾ ਜਾ ਸਕੇ। ਉਸ ਨੇ ਅੰਤ ਵਿੱਚ ਕਿਹਾ ਕਿ ਕਿਸਾਨੀ ਮਸਲੇ ਦਾ ਹੱਲ ਖਾਲਿਸਤਾਨ ਹੈ।