ਗੁਰਦਾਸਪੁਰ: ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਸੁਰਿੰਦਰ ਪਾਲ ਪਰਮਾਰ ਨੇ ਕਰਾਟੇ ਖਿਡਾਰਨ ਕੁਲਦੀਪ ਕੌਰ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਸਬੰਧਤ ਥਾਣੇਦਾਰ ਨੂੰ ਲਾਈਨ ਹਾਜ਼ਰ ਕੀਤਾ ਹੈ। ਪਰਿਵਾਰ ਵੱਲੋਂ ਇਲਜ਼ਾਮ ਸੀ ਕਿ ਉਕਤ ਥਾਣਾ ਮੁਖੀ ਉਨ੍ਹਾਂ ਨੂੰ ਧਮਕਾਉਂਦਾ ਰਿਹਾ ਹੈ।

ਪਰਿਵਾਰ ਨੇ ਇਲਜ਼ਾਮ ਲਾਇਆ ਕਿ ਜ਼ਮੀਨੀ ਵਿਵਾਦ 'ਚ ਥਾਣੇਦਾਰ ਪਰਮਜੀਤ ਸਿੰਘ ਰਾਜੀਨਾਮਾ ਕਰਨ ਲਈ ਦਬਾਅ ਪਾ ਰਿਹਾ ਸੀ। ਇਸ ਤੋਂ ਬਾਅਦ ਪਿੰਡ ਗੁਜਰਪੁਰਾ ਦੀ ਰਹਿਣ ਵਾਲੀ ਜੁਡੋ ਕਰਾਟੇ ਦੀ ਚੈਂਪੀਅਨ ਨੌਜਵਾਨ ਖਿਡਾਰਨ ਕੁਲਦੀਪ ਕੌਰ ਨੇ ਜ਼ਹਿਰੀਲੀ ਚੀਜ਼ ਨਿਗਲ਼ ਕੇ ਖ਼ੁਦਕੁਸ਼ੀ ਕਰ ਲਈ ਸੀ।

ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ ਤੇ ਅੱਜ ਆਈ.ਜੀ. ਸੁਰਿੰਦਰ ਪਾਲ ਪਰਮਾਰ ਵੱਲੋਂ ਅੰਮ੍ਰਿਤਸਰ ਦੇ ਡੀ.ਐਸ.ਪੀ. ਅਮਨਦੀਪ ਕੌਰ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਹੋਈ ਹੈ। ਇਸ ਟੀਮ ਨੇ ਪੁਲਿਸ 'ਤੇ ਲੱਗੇ ਇਲਜ਼ਾਮਾਂ ਦੇ ਨਾਲ ਨਾਲ ਮ੍ਰਿਤਕ ਖਿਡਾਰਨ ਕੁਲਦੀਪ ਕੌਰ ਦੇ ਖ਼ੁਦਕੁਸ਼ੀ ਕਰਨ ਦੇ ਹਾਲਾਤ ਦੀ ਪੜਤਾਲ 15 ਦਿਨਾਂ ਵਿੱਚ ਪੂਰੀ ਕਰਨੀ ਹੈ।