Sonu Sood ਨੇ ਸਭ ਨੂੰ ਸੋਚਾਂ 'ਚ ਪਾਇਆ! ਕੇਜਰੀਵਾਲ ਤੇ ਚੰਨੀ ਨਾਲ ਮੁਲਾਕਾਤ ਮਗਰੋਂ ਸੁਖਬੀਰ ਬਾਦਲ ਦੀ ਵੀ ਕਰ ਦਿੱਤੀ ਤਾਰੀਫ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਅਦਾਕਾਰ ਸੋਨੂੰ ਸੂਦ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਹ ਪਾਰਟੀ ਲਈ ਲਾਹੇਵੰਦ ਹੋਵੇਗਾ।
ਚੰਡੀਗੜ੍ਹ: ਅਦਾਕਾਰ ਸੋਨੂੰ ਸੂਦ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਸੋਨੂੰ ਸੂਦ ਨੇ ਆਪਣੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਚੋਣ ਲੜਾਉਣ ਦਾ ਐਲਾਨ ਕੀਤਾ ਹੈ ਪਰ ਇਹ ਭੇਤ ਬਣਿਆ ਹੋਇਆ ਹੈ ਕਿ ਕਿਸ ਸਿਆਸੀ ਪਾਰਟੀ ਦਾ ਚੋਣ ਨਿਸ਼ਾਨ ਹੋਏਗਾ। ਅਹਿਮ ਗੱਲ ਹੈ ਕਿ ਸੋਨੂੰ ਸੂਦ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਤੇ ਚਰਨਜੀਤ ਚੰਨੀ ਦੇ ਨਾਲ ਹੀ ਸੁਖਬੀਰ ਬਾਦਲ ਦੀ ਵੀ ਤਾਰੀਫ ਕੀਤੀ।
ਦੱਸ ਦਈਏ ਕਿ ਸੋਨੂੰ ਸੂਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਚੁੱਕੇ ਹਨ। ਇਸ ਲਈ ਇਹ ਬੁਝਾਰਤ ਬਣੀ ਹੋਈ ਹੈ ਕਿ ਉਹ ਕਿਸ ਸਿਆਸੀ ਧਿਰ ਨਾਲ ਤੁਰਨਗੇ। ਪਹਿਲਾਂ ਚਰਚਾ ਸੀ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਹੁਣ ਇਸ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸ ਵਿੱਚ ਜਾ ਸਕਦੇ ਹਨ। ਸੂਤਰਾਂ ਮੁਤਾਬਕ ਸੋਨੂੰ ਸੂਦ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਨਬਜ਼ ਟੋਹਣ ਦੇ ਨਾਲ ਸੂਬੇ ਦੀ ਸਿਆਸੀ ਤਸਵੀਰ ਦਾ ਇੰਤਜ਼ਾਰ ਕਰ ਰਹੇ ਹਨ।
ਸੋਨੂੰ ਸੂਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਹਾਲੇ ਇਹ ਤੈਅ ਨਹੀਂ ਹੋਇਆ ਕਿ ਉਹ ਕਿਸ ਪਾਰਟੀ ਤੋਂ ਚੋਣ ਲੜੇਗੀ। ਪਾਰਟੀ ਨਾਲੋਂ ਸੋਚ ਜ਼ਿਆਦਾ ਜ਼ਰੂਰੀ ਹੈ। ਮਾਲਵਿਕਾ ਲੋਕਾਂ ਵੱਲੋਂ ਦਿੱਤੇ ਗਏ ਰੁਤਬੇ ’ਤੇ ਖਰੀ ਉਤਰੇਗੀ। ਸਮਾਂ ਆਉਣ ’ਤੇ ਉਹ ਪਾਰਟੀ ਦਾ ਨਾਂ ਵੀ ਉਜਾਗਰ ਕਰਨਗੇ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਭੈਣ ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੇਗੀ ਪਰ ਸਿਆਸੀ ਪਾਰਟੀ ਦਾ ਅਜੇ ਕੋਈ ਫ਼ੈਸਲਾ ਨਹੀਂ ਲਿਆ।
ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਅਦਾਕਾਰ ਸੋਨੂੰ ਸੂਦ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਹ ਪਾਰਟੀ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਸੋਨੂੰ ਸੂਦ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਬਣ ਕੇ ਉਭਰੇ ਹਨ। ਕਰੋਨਾ ਕਾਲ ਦੌਰਾਨ ਉਨ੍ਹਾਂ ਨੇ ਜਿਸ ਤਰ੍ਹਾਂ ਲੋੜਵੰਦਾਂ ਦੀ ਮਦਦ ਕੀਤੀ ਹੈ, ਦੇਸ਼ ਵਾਸੀ ਉਸ ਦੀ ਸਰਾਹਨਾ ਕਰ ਰਹੇ ਹਨ।
ਡਾ. ਸਿੱਧੂ ਨੇ ਕਿਹਾ ਕਿ ਜੇਕਰ ਸੋਨੂੰ ਸੂਦ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਸ ਨਾਲ ਪਾਰਟੀ ਨੂੰ ਨਵਾਂ ਹੁਲਾਰਾ ਮਿਲੇਗਾ। ਸੋਨੂੰ ਸੂਦ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ, ਜਿਸ ਮਗਰੋਂ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਦੀਆਂ ਕਿਆਸਅਰਾਈਆਂ ਸਿਖਰ ’ਤੇ ਹਨ।
ਇਹ ਵੀ ਪੜ੍ਹੋ: ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਸਟ੍ਰੇਲਿਆਈ ਟੀਮ ਦਾ 'ਅਨੋਖਾ' ਜਸ਼ਨ, ਜੁੱਤੇ 'ਚ ਬੀਅਰ ਪਾ ਕੇ ਲੱਗੇ ਪੀਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: