Coronavirus: ਪੰਜਾਬ ਪਹੁੰਚੀ ਕੇਂਦਰੀ ਟੀਮ ਦੀ ਸਲਾਹ, 'ਰਾਤ ਕਰਫਿਊ ਤੇ ਦਿਨੇ ਲਾਕਡਾਊਨ'
ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਫਿਲਹਾਲ ਪੰਜਾਬ ਵਿੱਚ ਕਿਤੇ ਵੀ ਲਾਕਡਾਊਨ ਨਹੀਂ ਲਾਇਆ ਗਿਆ, ਸਗੋਂ ਰਾਤ ਵੇਲੇ ਕਰਫਿਊ ਲਾਇਆ ਗਿਆ ਹੈ।
ਜਲੰਧਰ: ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਸੂਬਿਆਂ ਦਾ ਦੌਰਾ ਕਰ ਰਹੀ ਪੰਜਾਬ ਪਹੁੰਚ ਗਈ ਹੈ। ਜਲੰਧਰ ਵਿੱਚ ਹਾਲਾਤਾਂ ਦਾ ਜਾਇਜ਼ਾ ਲੈਣ ਮਗਰੋਂ ਟੀਮ ਦੀ ਸਲਾਹ ਹੈ ਕਿ ਇੱਥੇ ਰਾਤ ਦੇ ਨਾਲ-ਨਾਲ ਦਿਨ ਵੇਲੇ ਵੀ ਲਾਕਡਾਊਨ ਲਾਇਆ ਜਾ ਸਕਦਾ ਹੈ।
ਕੇਂਦਰ ਸਰਕਾਰ ਨੇ ਇਹ ਵਿਸ਼ੇਸ਼ ਟੀਮਾਂ ਮਹਾਰਾਸ਼ਟਰ, ਛੱਤੀਸਗੜ੍ਹ, ਗੁਜਰਾਤ ਅਤੇ ਪੰਜਾਬ ਲਈ ਭੇਜੀਆਂ ਹਨ ਤਾਂ ਜੋ ਇੱਥੇ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਠੱਲ੍ਹਣ ਲਈ ਨਵੀਂ ਰਣਨੀਤੀ ਬਣਾਈ ਜਾ ਸਕੇ। ਕੇਂਦਰੀ ਟੀਮ ਨੇ ਬੀਤੇ ਦਿਨ ਜਲੰਧਰ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਕੋਰੋਨਾ ਮਾਮਲਿਆਂ ਦੇ ਨਾਲ-ਨਾਲ ਟੀਕਾਕਰਨ ਪ੍ਰਕਿਰਿਆ ਦੀ ਵੀ ਜਾਂਚ ਕੀਤੀ।
ਟੀਮ ਦੇ ਮੈਂਬਰ ਡਾਕਟਰ ਮਨੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਇਹ ਦੇਖ ਰਹੀ ਹੈ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਕਿ ਨਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਯੋਗ ਲੋਕਾਂ ਨੂੰ ਖ਼ੁਦ ਅੱਗੇ ਆ ਕੇ ਵੈਕਸੀਨ ਲਗਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਕੋਰੋਨਾ ਟੀਕੇ ਪ੍ਰਤੀ ਜਾਰੀ ਤੌਖ਼ਲੇ ਦੂਰ ਕਰਨ ਲਈ ਪ੍ਰਸਿੱਧ ਹਸਤੀਆਂ ਵੱਲੋਂ ਵੈਕਸੀਨੇਸ਼ਨ ਦਾ ਪ੍ਰਚਾਰ ਕਰਵਾਇਆ ਜਾਵੇ।
ਇੰਨਾ ਹੀ ਨਹੀਂ ਡਾ. ਮਨੀਸ਼ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਰਾਤ ਸਮੇਂ ਕਰਫਿਊ ਤਾਂ ਲਾਇਆ ਹੀ ਹੋਇਆ ਹੈ ਪਰ ਜ਼ਰੂਰਤ ਪੈਣ 'ਤੇ ਜਲੰਧਰ ਵਿੱਚ ਦਿਲ ਵੇਲੇ ਤਾਲਾਬੰਦੀ ਭਾਵ ਲਾਕਡਾਊਨ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਲਾਕਡਾਊਨ ਬਾਰੇ ਹਾਲੇ ਫੈਸਲਾ ਨਹੀਂ ਲਿਆ ਗਿਆ ਹੈ, ਪਰ ਕੇਂਦਰੀ ਟੀਮ ਨੇ ਇਹ ਸਲਾਹ ਦਿੱਤੀ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਫਿਲਹਾਲ ਪੰਜਾਬ ਵਿੱਚ ਕਿਤੇ ਵੀ ਲਾਕਡਾਊਨ ਨਹੀਂ ਲਾਇਆ ਗਿਆ, ਸਗੋਂ ਰਾਤ ਵੇਲੇ ਕਰਫਿਊ ਲਾਇਆ ਗਿਆ ਹੈ। ਅਜਿਹੇ ਵਿੱਚ ਹੁਣ ਰਾਜ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਕੇਂਦਰੀ ਟੀਮ ਦੀ ਸਲਾਹ 'ਤੇ ਕੀ ਫੈਸਲਾ ਲੈਂਦਾ ਹੈ, ਇਹ ਆਉਂਦਾ ਸਮਾਂ ਤੇ ਕੋਰੋਨਾ ਮਹਾਮਾਰੀ ਕਾਰਨ ਬਣਦੇ ਹਾਲਾਤ ਹੀ ਦੱਸਣਗੇ।