SYL Issue : 'ਆਪ' ਦੀਆਂ ਸਾਜਿਸ਼ਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ ਸਫਲ, SYL ਮੁੱਦੇ 'ਤੇ ਬੋਲੇ ਸੁਨੀਲ ਜਾਖੜ
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਆਪ ਦੀ ਪੰਜਾਬੀ ਦੀ ਸਾਂਦੀ ਭੰਗ ਕਰਨ ਦੀਆਂ ਸਾਜਿਸ਼ਾਂ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
Punjab News : ਐਸਵਾਈਐਲ ਤੇ ਪੰਜਾਬ ਦੇ ਸਟੈਂਡ ਨੂੰ ਕਮਜੋਰ ਕਰਨ ਲਈ ਭਗਵੰਤ ਮਾਨ ਦੀ ਸਰਕਾਰ ਤੇ ਵਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਆਪ ਦੀ ਪੰਜਾਬੀ ਦੀ ਸਾਂਦੀ ਭੰਗ ਕਰਨ ਦੀਆਂ ਸਾਜਿਸ਼ਾਂ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੰਵੇਦਨਸ਼ੀਲ ਤੇ ਲੋਕਾਂ ਦੀਆਂ ਭਾਵਨਾਂਵਾਂ ਨਾਲ ਜ਼ੁੜੇ ਮੁੱਦੇ ਰਾਹੀਂ ਸਿਆਸੀ ਫਸਲ ਕੱਟਣ ਦੀਆਂ 'ਆਪ' ਪਾਰਟੀ ਦੀਆਂ ਕੋਸਿ਼ਸਾਂ ਪੰਜਾਬ ਲਈ ਚਿੰਤਾ ਪੈਦਾ ਕਰਨ ਵਾਲੀਆਂ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਸੱਤਾ ਵਿਚ ਬਣੇ ਰਹਿਣ ਦਾ ਨੈਤਿਕ ਅਧਾਰ ਗੁਆ ਚੁੱਕੇ ਹਨ। ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਭਾਜਪਾ ਦੀ ਕੋਰ ਕਮੇਟੀ ਨੇ ਇਕ ਮਤਾ ਪਾਸ ਕਰਕੇ ਸੂਬਾ ਸਰਕਾਰ ਦੇ ਸੁਪਰੀਮ ਕੋਰਟ ਵਿਚ ਲਏ ਸਟੈਂਡ ਦੀ ਨਿਖੇਧੀ ਕੀਤੀ ਗਈ। ਇਸ ਤੋਂ ਬਾਅਦ ਕੋਰ ਕਮੇਟੀ ਮੈਂਬਰਾਂ ਨੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਕਾਲੀ ਝੰਡੀਆਂ ਨਾਲ ਪ੍ਰਦਰਸ਼ਨ ਕੀਤਾ।
ਪੰਜਾਬ ਦਾ ਪੱਖ ਜਾਣਬੁੱਝ ਕੇ ਕੀਤਾ ਕਮਜ਼ੋਰ
ਜਾਖੜ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ, ਇਹ ਮਸਲਾ ਜਦੋਂ ਤੋਂ ਪੈਦਾ ਹੋਇਆ ਹੈ ਉਦੋਂ ਤੋਂ ਹੀ ਪੰਜਾਬ ਦਾ ਸਟੈਂਡ ਸਪੱਸ਼ਟ ਰਿਹਾ ਅਤੇ ਇਹੀ ਸਟੈਂਡ ਸਥਿਰ ਵੀ ਰਿਹਾ ਹੈ ਕਿ ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਅਜਿਹਾ ਸਟੈਂਡ ਕਾਂਗਰਸ ਤੇ ਅਕਾਲੀ ਸਰਕਾਰ ਸਮੇਂ ਵੀ ਰਿਹਾ ਪਰ 'ਆਪ' ਸਰਕਾਰ ਨੇ ਸੁਪਰੀਮ ਕੋਰਟ ਵਿਚ ਪੰਜਾਬ ਦਾ ਪੱਖ ਜਾਣਬੁੱਝ ਕੇ ਕਮਜ਼ੋਰ ਕੀਤਾ ਤਾਂ ਜੋ ਸੁਪਰੀਮ ਕੋਰਟ ਨੂੰ ਸਰਵੇ ਦਾ ਹੁਕਮ ਦੇਣਾ ਪਿਆ ਜੋ ਕੇਂਦਰ ਵੱਲੋਂ ਕੀਤਾ ਜਾਣਾ ਹੈ। ਇਹ ਉਨ੍ਹਾਂ ਦੀ ਸਾਜਿਸ਼ ਹੈ ਕਿ ਕੇਂਦਰ ਨੂੰ ਇਸ ਸਾਰੇ ਘਟਨਾਕ੍ਰਮ ਵਿਚ ਬਦਨਾਮ ਕੀਤਾ ਜਾਵੇ।
ਜਾਣਬੁੱਝ ਕੇ ਸੁਪਰੀਮ ਕੋਰਟ ਵਿਚ ਕਮਜ਼ੋਰ ਕੇਸ ਪੇਸ਼ ਕਰਕੇ, ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਮਜ਼ਬੂਰ ਕੀਤਾ ਕਿ ਉਹ ਕੇਂਦਰ ਨੂੰ ਸਰਵੇ ਦਾ ਹੁਕਮ ਦੇਵੇ, ਅਤੇ ਜਦ ਕੇਂਦਰ ਸਰਵੇ ਕਰੇਗਾ ਤਾਂ ਇਹ ਕੇਂਦਰ ਨੂੰ ਪੰਜਾਬ ਵਿਰੋਧੀ ਦੱਸ ਕੇ ਪੰਜਾਬ ਦੀ ਸ਼ਾਂਤੀ ਨੂੰ ਆਪਣੇ ਸਿਆਸੀ ਹਿੱਤਾਂ ਲਈ ਅੱਗ ਲਗਾਉਣਗੇ।
ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਤਿੱਖਾ ਹਮਲਾ ਬੋਲਦਿਆਂ ਜਾਖੜ ਨੇ ਕਿਹਾ, ਕੋਰਟ ਦੇ ਬਾਹਰ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਦਾਅਵੇ ਕਰਦੇ ਹਨ ਪਰ ਕੋਰਟ ਦੇ ਅੰਦਰ ਇੰਨ੍ਹਾਂ ਨੇ ਪੰਜਾਬ ਨਾਲ ਧ੍ਰੋਹ ਕਮਾਂਉਦਿਆਂ ਨਹਿਰ ਨੂੰ ਮੁਕੰਮਲ ਕਰਨ ਲਈ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ, ਜ਼ੋ ਕਿ ਇੰਨ੍ਹਾਂ ਦੇ ਦੋਹਰੇ ਕਿਰਦਾਰ ਦਾ ਪ੍ਰਮਾਣ ਹੈ।
ਪੰਜਾਬੀਆਂ ਨੂੰ ਅਪੀਲ ਕਰਦਿਆਂ ਜਾਖੜ ਨੇ ਕਿਹਾ ਕਿ ਉਹ ਆਪ ਦੀਆਂ ਪੰਜਾਬ ਦੀ ਸਾਂਤੀ ਭੰਗ ਕਰਨ ਦੀਆਂ ਕੋਸਿਸ਼ਾਂ ਤੋਂ ਸਾਵਧਾਨ ਰਹਿਣ ਅਤੇ ਭਰੋਸਾ ਦਿੱਤਾ ਕਿ ਕੋਈ ਵੀ ਪੰਜਾਬ ਦੇ ਪਾਣੀ ਨਹੀਂ ਖੋਹ ਸਕਦਾ।ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ ਭਰਨ ਵਿਚ ਪਹਿਲਾਂ ਹੀ ਬਹੁਤ ਯੋਗਦਾਨ ਦਿੱਤਾ ਹੈ ਅਤੇ ਹੁਣ ਸਾਡੇ ਕੋਲ ਕਿਸੇ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ ਹੈ।
ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਨੂੰ ਸਬਕ ਸਿਖਾਉਣ ਲਈ ਕਾਹਲੇ ਹਨ ਅਤੇ 2022 ਵਿਚ ਕੀਤੀ ਭੁੱਲ ਨੂੰ ਦਰੁਸਤ ਕਰਨ ਦਾ ਫੈਸਲਾ ਕਰ ਚੁੱਕੇ ਹਨ।