ਚੰਡੀਗੜ੍ਹ : ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੀ ਕਮਾਨ ਅਰਵਿੰਦ ਕੇਜਰੀਵਾਲ ਵੱਲੋਂ ਸੰਭਾਲ ਲੈਣ ਦੇ ਫ਼ੈਸਲੇ ਨਾਲ ਜਿੱਥੇ ਉਹ ਦਿੱਲੀ ਦੀ ਸਿਆਸਤ ਤੋਂ ਦੂਰ ਹੋ ਕੇ ਆਪਣਾ ਪੂਰਾ ਧਿਆਨ ਪੰਜਾਬ ਚੋਣਾਂ ਲਈ ਦੇਣਗੇ, ਉੱਥੇ ਹੀ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਪਾਰਟੀ ਨੇ 19 ਉਮੀਦਵਾਰਾਂ ਦੀ ਸੂਚੀ ਐਲਾਨ ਕੇ ਰਾਜਨੀਤਕ ਅਖਾੜੇ ਨੂੰ ਭਖਾਉਣ ਦੀ ਕੋਸ਼ਿਸ ਜ਼ਰੂਰ ਕੀਤੀ ਸੀ ਪਰ ਇਸ ਦੇ ਨਾਲ ਹੀ ਪਾਰਟੀ ਦੇ ਕੁਝ ਆਗੂਆਂ ਖਾਸ ਤੌਰ ਉਤੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪੂਰੇ ਮਾਮਲੇ ਉਤੇ ਨਰਾਜ਼ਗੀ ਵੀ ਮੁੱਲ ਲੈ ਲਈ ਸੀ।
ਉਂਝ ਸੁੱਚਾਸਿੰਘਛੋਟੇਪੁਰ ਨੇ ਅਰਵਿੰਦ ਕੇਜਰੀਵਾਲ ਵੱਲੋਂਪਾਰਟੀ ਦੀ ਕਮਾਨ ਆਪਣੇ ਹੱਥ ਵਿੱਚ ਲੈਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਛੋਟੇਪੁਰ ਨੇ ਆਖਿਆ ਕਿ ਇਸ ਨਾਲ ਪਾਰਟੀ ਦੇ ਵਲੰਟੀਅਰਾਂ ਨੂੰ ਮਜ਼ਬੂਤੀ ਮਿਲੇਗੀ। 'ਏਬੀਪੀ ਸਾਂਝਾ' ਨਾਲ ਖ਼ਾਸ ਤੌਰ ਉੱਤੇ ਗੱਲਬਾਤ ਕਰਦਿਆਂ ਛੋਟੇਪੁਰ ਨੇ ਕੇਜਰੀਵਾਲ ਨੂੰ ਪਾਰਟੀ ਨੂੰ ਜਰਨੈਲ ਦੱਸਦਿਆਂ ਆਖਿਆ ਕਿ ਇਸ ਨਾਲ ਜਿੱਥੇ ਇਸ ਨਾਲ ਪਾਰਟੀ ਵਿੱਚ ਜ਼ਿਆਦਾ ਜੋਸ਼ ਆਵੇਗਾ, ਉੱਥੇ ਹੀ ਪਾਰਦਰਸ਼ਤਾ ਵੀ ਵਧੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਅਸੀਂ 100 ਸੀਟਾਂ ਉੱਤੇ ਜਿੱਤ ਪ੍ਰਾਪਤ ਕਰਨੀ ਸੀ ਤੇ ਹੁਣ ਕੇਜਰੀਵਾਲ ਦੇ ਆਉਣ ਨਾਲ ਸੀਟਾਂ ਦਾ ਅੰਕੜਾ 100 ਤੋਂ ਵੀ ਪਾਰ ਹੋ ਜਾਵੇਗਾ।
ਕੇਜਰੀਵਾਲ ਦੇ ਆਉਣ ਨਾਲ ਪਾਰਟੀ ਵਿੱਚ ਜ਼ਿੰਮੇਵਾਰੀ ਘਟਣ ਦੀ ਗੱਲ ਨੂੰ ਨਕਾਰਦਿਆਂ ਉਨ੍ਹਾਂ ਆਖਿਆ ਕਿ ਪਾਰਟੀ ਤੇ ਉਨ੍ਹਾਂ ਲਈ ਨਿੱਜੀ ਤੌਰ ਉੱਤੇ ਇਸ ਤੋਂ ਵੱਡੀ ਗੱਲ ਨਹੀਂ ਸਕਦੀ ਕਿ ਉਨ੍ਹਾਂ ਦਾ ਜਰਨੈਲ ਪੰਜਾਬ ਆ ਰਿਹਾ ਹੈ। ਉਨ੍ਹਾਂ ਆਖਿਆ ਕਿ ਕੇਜਰੀਵਾਲ ਦੇ ਪੰਜਾਬ ਆਉਣ ਨਾਲ ਵਲੰਟੀਅਰਾਂ ਨੂੰ ਆਪਣੇ ਦਿਲ ਦੀ ਗੱਲ ਉਨ੍ਹਾਂ ਤੱਕ ਲੈ ਕੇ ਜਾਣੀ ਸੌਖੀ ਹੋਵੇਗੀ। ਪਾਰਟੀਆਂ ਦੀਆਂ ਵੱਲੋਂ ਜਾਰੀ ਕੀਤੀਆਂ ਗਈਆਂ ਟਿਕਟਾਂ ਦਾ ਖੁੱਲ੍ਹੇ ਤੌਰ ਉੱਤੇ ਵਿਰੋਧ ਕਰਨ ਵਾਲੇ ਸੁੱਚਾ ਸਿੰਘ ਛੋਟੇਪੁਰ ਨੇ ਆਖਿਆ ਕਿ ਇਸ ਮੁੱਦੇ ਉੱਤੇ ਉਨ੍ਹਾਂ ਨੇ ਕੇਜਰੀਵਾਲ ਤੋਂ ਟਾਈਮ ਮੰਗਿਆ ਤੇ ਉਮੀਦ ਹੈ ਕਿ ਜਲਦੀ ਉਹ ਆਪਣੀ ਗੱਲ ਉਨ੍ਹਾਂ ਤੱਕ ਲੈ ਕੇ ਜਾਣਗੇ।
ਯਾਦ ਰਹੇ ਕਿ ਹਿਮਾਚਲ ਦੇ ਧਰਮਕੋਟ ਵਿੱਚ 10 ਦਿਨਾਂ ਦਾ ‘ਵਿਪਾਸਨਾ ਧਿਆਨ ਪ੍ਰੋਗਰਾਮ’ ਪ੍ਰੋਗਰਾਮ ਵਿੱਚ ਹੋਣ ਕਾਰਨ ਛੋਟੇਪੁਰ ਆਪਣੀ ਗੱਲ ਕੇਜਰੀਵਾਲ ਅੱਗੇ ਰੱਖ ਨਹੀਂ ਸਨ ਪਾਏ ਪਰ ਉਨ੍ਹਾਂ ਜਨਤਕ ਤੌਰ ਉੱਤੇ ਸੂਚੀ ਵਿੱਚ ਕੁਝ ਨਾਮਾਂ ਉੱਤੇ ਵਿਰੋਧ ਕਰ ਕੇ ਆਪਣੀ ਨਾਰਾਜ਼ਗੀ ਪ੍ਰਗਟਾ ਦਿੱਤੀ ਸੀ। ਇਸ ਤੋਂ ਇਲਾਵਾ ਪਾਰਟੀ ਵਿੱਚ ਕਈ ਆਗੂਆਂ ਵਿਚਾਲੇ ਵੀ ਕਾਫੀ ਖਿਚੋਤਾਣ ਚੱਲ ਰਹੀ ਸੀ ਪਰ ਕੇਜਰੀਵਾਲ ਦੇ ਪੰਜਾਬ ਆਉਣ ਨਾਲ ਉਨ੍ਹਾਂ ਸਾਰੀਆਂ ਦਿੱਕਤਾਂ ਦੇ ਦੂਰ ਹੋਣ ਦੀ ਕਾਫੀ ਉਮੀਦ ਹੋ ਸਕਦੀ ਹੈ।