Sri Muktsar Sahib: ਖੁਦਕੁਸ਼ੀ ਮਾਮਲਾ ਨਿਕਲਿਆ ਕਤਲ? ਅਦਾਲਤ ਦੇ ਹੁਕਮਾਂ 'ਤੇ 4 ਸਾਲ ਬਾਅਦ ਪੁਲਿਸ ਨੇ ਦਰਜ ਕੀਤਾ ਕਤਲ ਦਾ ਕੇਸ
ਚਾਰ ਸਾਲ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਚ ਸੁਸਾਈਡ ਦਾ ਕੇਸ ਦਰਜ ਕੀਤਾ ਗਿਆ। ਇਸ ਦੇ ਚੱਲਦੇ 174 ਦੀ ਕਾਰਵਾਈ ਕੀਤੀ ਗਈ, ਪਰ ਮ੍ਰਿਤਕ ਭੋਲਾ ਦੇ ਪਰਿਵਾਰ ਵਲੋਂ ਸੁਸਾਈਡ ਦੀ ਥਾਂ ਕਤਲ ਦਾ ਸ਼ੱਕ ਜਾਹਿਰ ਕਰਦੇ ਹੋਏ ਅਦਾਲਤ ਚ ਅਪੀਲ ਕੀਤੀ
ਅਸ਼ਫਾਕ ਢੁੱਡੀ ਦੀ ਰਿਪੋਰਟ
ਸ੍ਰੀ ਮੁਕਤਸਰ ਸਾਹਿਬ: ਇੱਥੇ ਖੁਦਕੁਸ਼ੀ ਮਾਮਲਾ ਕਤਲ ਦਾ ਕੇਸ ਨਿਕਲਿਆ ਹੈ। ਅਦਾਲਤ ਦੇ ਹੁਕਮਾਂ 'ਤੇ 4 ਸਾਲ ਬਾਅਦ ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ ਹੈ। 12-13 ਸਤੰਬਰ 2019 ਦੀ ਦਰਮਿਆਨੀ ਰਾਤ ਨੂੰ ਮਹਿੰਦਰ ਸਿੰਘ ਭੋਲਾ ਦੀ ਲਾਸ਼ ਉਸ ਦੇ ਖੇਤ ਵਿੱਚ ਦਰਖ਼ਤ ਨਾਲ ਲਟਕਦੀ ਮਿਲੀ ਸੀ। ਪੁਲਿਸ ਨੇ ਆਤਮ ਹੱਤਿਆ ਦਾ ਕੇਸ ਦਰਜ ਕੀਤਾ ਸੀ ਪਰ ਪਰਿਵਾਰ ਨੇ ਅਦਾਲਤ ਵਿੱਚ ਚੁਣੌਤੀ ਦੇ ਕੇ ਇਸ ਨੂੰ ਕਤਲ ਕਿਹਾ ਸੀ।
ਦੱਸ ਦਈਏ ਕਿ ਕਰੀਬ ਚਾਰ ਸਾਲ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਵਿੱਚ ਆਤਮ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਦੇ ਚੱਲਦੇ 174 ਦੀ ਕਾਰਵਾਈ ਕੀਤੀ ਗਈ ਸੀ ਪਰ ਮ੍ਰਿਤਕ ਮਹਿੰਦਰ ਸਿੰਘ ਭੋਲਾ ਦੇ ਪਰਿਵਾਰ ਵੱਲੋਂ ਆਤਮ ਹੱਤਿਆ ਦੀ ਥਾਂ ਕਤਲ ਦਾ ਸ਼ੱਕ ਜਾਹਿਰ ਕਰਦੇ ਹੋਏ ਅਦਾਲਤ ਵਿੱਚ ਇਸ ਕੇਸ ਲਈ ਅਪੀਲ ਕੀਤੀ ਸੀ। ਇਸ ਦੇ ਚੱਲਦੇ ਅਦਾਲਤ ਵੱਲੋਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਖੁਦਕੁਸ਼ੀ ਮਾਮਲੇ ਦੀ ਸੁਣਵਾਈ ਕਰਨ ਉਪਰੰਤ ਕਤਲ ਦਾ ਕੇਸ ਦਰਜ ਕਰਕੇ ਪੁਲਿਸ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜ਼ਿਲ੍ਹਾ ਕਚਹਿਰੀਆਂ ਸ੍ਰੀ ਮੁਕਤਸਰ ਸਾਹਿਬ ਵਿਖੇ ਸੀਨੀਅਰ ਐਡਵੋਕੇਟ ਅਸ਼ੋਕ ਕੁਮਾਰ ਗਿਰਧਰ ਤੇ ਮ੍ਰਿਤਕ ਮਹਿੰਦਰ ਸਿੰਘ ਭੋਲਾ ਦੇ ਪਿਤਾ ਦਿਆਲ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਗਈ। ਐਡਵੋਕੇਟ ਅਸ਼ੋਕ ਗਿਰਧਰ ਨੇ ਦੱਸਿਆ ਕਿ 12-13 ਸਤੰਬਰ 2019 ਦੀ ਦਰਮਿਆਨੀ ਰਾਤ ਨੂੰ ਮਹਿੰਦਰ ਸਿੰਘ ਭੋਲਾ ਦੀ ਲਾਸ਼ ਉਸ ਦੇ ਖੇਤ ਵਿੱਚ ਇੱਕ ਦਰਖ਼ਤ ਨਾਲ ਲਟਕਦੀ ਮਿਲੀ ਸੀ। ਪੁਲਿਸ ਨੇ ਉਸ ਸਮੇਂ 174 ਦੀ ਕਾਰਵਾਈ ਕਰਦੇ ਹੋਏ ਆਤਮ ਹੱਤਿਆ ਦਾ ਮਾਮਲਾ ਦਰਜ਼ ਕਰ ਲਿਆ ਸੀ ਪਰ ਮ੍ਰਿਤਕ ਦੇ ਪਿਤਾ ਦਿਆਲ ਸਿੰਘ ਵੱਲੋਂ ਮਾਮਲਾ ਸ਼ੱਕੀ ਦੱਸਦਿਆਂ ਕਤਲ ਦਾ ਮਾਮਲਾ ਦਰਜ ਕਰਨ ਲਈ ਕਿਹਾ ਜਾ ਰਿਹਾ ਸੀ।
ਇਸ ਸਬੰਧੀ ਮੁੱਖ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਵੀ ਦਿੱਤੀਆਂ ਗਈਆਂ ਤੇ ਅਦਾਲਤ ਦੀ ਸ਼ਰਨ ਲਈ ਗਈ। ਪੁਲਿਸ ਕਪਤਾਨ ਕੁਲਵੰਤ ਰਾਏ ਵੱਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਕਤਲ ਕੀਤੇ ਜਾਣ ਸਬੰਧੀ ਤੱਥ ਸਾਹਮਏ ਆਏ। ਵਕੀਲ ਅਸ਼ੋਕ ਗਿਰਧਰ ਨੇ ਕਿਹਾ ਕਿਹਾ ਕਿ ਦਿਆਲ ਸਿੰਘ ਦਾ ਆਪਣੇ ਭਰਾਵਾਂ ਤੇ ਰਿਸ਼ਤੇਦਾਰਾਂ ਨਾਲ ਜਮੀਨ ਸਬੰਧੀ ਰੌਲਾ ਸੀ ਤੇ ਦਿਆਲ ਸਿੰਘ ਮਿਹਨਤੀ ਹੋਣ ਕਾਰਨ ਦੂਸਰੇ ਭਰਾਵਾਂ ਤੋਂ ਅੱਗੇ ਲੰਘ ਗਿਆ ਸੀ, ਤੇ ਉਹ ਇਸ ’ਤੇ ਖਾਰ ਖਾਂਦੇ ਸਨ।
ਇਸ ਵਜ੍ਹਾ ਤੇ ਰੰਜਿਸ਼ ਕਾਰਨ ਉਸ ਦੇ ਲੜਕੇ ਨੂੰ ਮਾਰ ਕੇ ਲਾਸ਼ ਦਰਖ਼ਤ ਨਾਲ ਟੰਗ ਦਿੱਤੀ। ਮਰਨ ਵਾਲੇ ਦੇ ਪੈਰ ਧਰਤੀ ਨਾਲ ਲੱਗ ਰਹੇ ਸਨ, ਲੱਤਾਂ ਮੁੜੀਆਂ ਹੋਈਆਂ ਸਨ। ਮੈਡੀਕਲ ਰਿਕਾਰਡ, ਕਾਲ ਡੀਟੇਲ, ਮੌਕਾ ਵਾਰਦਾਤ ਤੇ ਫੋਟੋਆਂ ਆਦਿ ਮੁੱਖ ਸਬੂਤਾਂ ਨੂੰ ਧਿਆਨ ਨਾਲ ਵਾਚਦਿਆਂ ਸੁਪ੍ਰੀਤ ਕੌਰ ਜੁਡੀਸ਼ੀਅਲ ਮਜਿਸਟਰੇਟ ਮੁਕਤਸਰ ਸਾਹਿਬ ਨੇ ਇਸ ਅੰਨ੍ਹੇ ਕਤਲ ਸਬੰਧੀ ਅਸ਼ੋਕ ਗਿਰਧਰ ਵੱਲੋਂ ਪੇਸ਼ ਕੀਤੀਆਂ ਦਲੀਲਾਂ ਤੇ ਪੈਰਵਾਈ ਸਦਕਾ ਕਤਲ ਦਾ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ।
ਇਸ ’ਤੇ ਥਾਣਾ ਸਿਟੀ ਮੁਕਤਸਰ ਸਾਹਿਬ ਵਿਖੇ ਐਫਆਈਆਰ ਨੰਬਰ 18, ਧਾਰਾ 302, 120 ਆਈਪੀਸੀ ਅਧੀਨ 3 ਫਰਵਰੀ 2023 ਨੂੰ ਮੁਕੱਦਮਾ ਦਰਜ ਹੋ ਚੁੱਕਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਵਕੀਲ ਗਿਰਧਰ ਨੇ ਦੱਸਿਆ ਕਿ ਅਜੇ ਤੱਕ ਕਤਲ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਵਿੱਚੋਂ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਮ੍ਰਿਤਕ ਦੇ ਪਿਤਾ ਨੇ ਇਸ ਮੌਕੇ ਕਿਹਾ ਕਿ ਭਾਵੇਂ ਕੇਸ ਦਰਜ ਕਰਾਉਣ ਲਈ ਕਈ ਸਾਲ ਲੱਗ ਗਏ, ਪਰ ਮੈਨੂੰ ਉਮੀਦ ਹੈ ਕਿ ਅਦਾਲਤ ਤੇ ਪੁਲਿਸ ਅਧਿਕਾਰੀ ਇਸ ਕੇਸ ਦੀ ਤਫਤੀਸ਼ ਕਰਕੇ ਕਤਲ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਸਜਾ ਦੁਆਉਣ ਦਾ ਰਾਹ ਪੱਧਰਾ ਕਰਨਗੇ ਤੇ ਸਾਨੂੰ ਇਨਸਾਫ਼ ਮਿਲੇਗਾ।