ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਆਪਣੇ ਬਾਪੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਲਟ ਇੱਕ ਅਜਿਹਾ ਰਿਕਾਰਡ ਹੈ ਜਿਸ ਤੋਂ ਸਭ ਪ੍ਰੇਸ਼ਾਨ ਹਨ। ਸੁਖਬੀਰ ਬਾਦਲ ਕਿਸੇ ਵੀ ਪ੍ਰੋਗਰਾਮ ਵਿੱਚ ਕਦੇ ਵੀ ਸਮੇਂ ਸਿਰ ਸ਼ਿਰਕਤ ਨਹੀਂ ਕਰਦੇ। ਇਸ ਦੇ ਉਲਟ ਵੱਡੇ ਬਾਦਲ ਕਦੇ ਕਿਸੇ ਪ੍ਰੋਗਰਾਮ ਵਿੱਚ ਲੇਟ ਨਹੀਂ ਪਹੁੰਚਦੇ। ਦਰਅਸਲ ਸੁਖਬੀਰ ਬਾਦਲ ਆਪਣੀ ਦਿੱਖ ਇੱਕ ਸੀ.ਈ.ਓ. ਵਰਗੀ ਬਣਾ ਕੇ ਰੱਖਦੇ ਹਨ। ਅਕਾਲੀ ਦਲ ਦੇ ਲੀਡਰ ਵੀ ਉਨ੍ਹਾਂਨੂੰ ਸਿਆਸਤ ਦੇ ਸੀ.ਈ.ਓ. ਵਜੋਂ ਪੇਸ਼ ਕਰਦੇ ਹਨ ਪਰ ਡਿਪਟੀ ਸੀ.ਐਮ. ਸਾਹਬ ਦਾ ਹਾਲ ਇਹ ਹੈ ਕਿ ਉਹ ਕਿਸੇ ਵੀ ਪ੍ਰੋਗਰਾਮ 'ਚ ਸਮੇਂ ਸਿਰ ਨਹੀਂ ਪਹੁੰਚਦੇ। ਅੱਜ ਉਹ ਮੁਹਾਲੀ ਦੇ ਜ਼ਿਲ਼੍ਹਾ ਪ੍ਰਬੰਧਕੀ ਕੰਪਲੈਕਸ 'ਚ ਤੈਅ ਸਮੇਂ ਤੋਂ ਕਰੀਬ ਦੋ ਘੰਟੇ ਲੇਟ ਪੁੱਜੇ।ਹਾਲਤ ਇਹ ਸੀ ਕਿ ਆਮ ਲੋਕ ਪ੍ਰੋਗਰਾਮ 'ਚੋਂ ਜਾਣਾ ਸ਼ੁਰੂ ਹੋ ਗਏ ਸਨ ਤੇ ਮੀਡੀਆ ਦਾ ਹਰ ਪੱਤਰਕਾਰ ਬੁੜ-ਬੁੜ ਕਰ ਰਿਹਾਸੀ।

 

ਦਰਅਸਲ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਸੁਖਬੀਰ ਬਾਦਲ ਪ੍ਰੋਗਰਾਮ 'ਚ ਲੇਟ ਪੁੱਜੇ। ਉਹ ਤਕਰੀਬਨ ਹਰ ਪ੍ਰੋਗਰਾਮ 'ਚਦੇਰੀ ਨਾਲ ਪੁੱਜਦੇ ਹਨ। ਪਿਛਲੇ ਦਿਨੀਂ
ਜਦੋਂ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣਾ ਸੀ, ਉਦੋਂ ਵੀ ਸੁਖਬੀਰ ਬਾਦਲ ਪ੍ਰੈੱਸ ਕਾਨਫਰੰਸ 'ਚ ਇੱਕ ਘੰਟਾ ਲੇਟ ਪੁੱਜੇ ਸਨ। ਇਸ ਤੋਂ ਪਹਿਲਾਂ ਪੁਲਿਸ ਹੈੱਡਕੁਆਟਰ 'ਚ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨੇ ਸੁਖਬੀਰ ਬਾਦਲ ਦੀ ਪ੍ਰੈੱਸ ਕਾਨਫਰੰਸ ਦਾ ਬਾਈਕਾਟ ਕਰ ਦਿੱਤਾ ਹੈ।

 

ਪੰਜਾਬ ਦੇ ਪੱਤਰਕਾਰਾਂ 'ਚ ਅਕਸਰ ਇਹ ਚਰਚਾ ਰਹਿੰਦੀ ਹੈ ਕਿ ਪਿਤਾ ਕਦੇ ਲੇਟ ਨਹੀਂ ਹੁੰਦੇ ਤੇ ਬੇਟਾ ਕਦੇ ਟਾਈਮ 'ਤੇ ਨਹੀਂ ਪਹੁੰਚਦਾ। ਸੱਚ ਇਹੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰ ਪ੍ਰੋਗਰਾਮ 'ਚ ਪੰਜ ਮਿੰਟ ਪਹਿਲਾਂ ਪਹੁੰਚਦੇ ਹਨ ਤੇ ਉੱਪ ਮੁੱਖ ਮੰਤਰੀ ਹਰ ਪ੍ਰੋਗਰਾਮ 'ਚ ਬੇਹੱਦ ਲੇਟ ਪਹੁੰਚਦੇ ਹਨ। ਪੱਤਰਕਾਰ ਵੀ ਕਈ ਵਾਰ ਸੁਖਬੀਰ ਬਾਦਲ ਨੂੰ ਸਮੇਂ 'ਤੇ ਨਾ ਪੁੱਜਣ ਦੀ ਗੱਲ ਕਹਿੰਦੇ ਹਨ ਪਰ ਉਹ ਇਸ ਗੱਲ ਨੂੰ ਮਜ਼ਾਕ 'ਚ ਉਡਾ ਦਿੰਦੇ ਹਨ।

 

ਦੱਸਣਯੋਗ ਹੈ ਕਿ ਸੁਖਬੀਰ ਦੇ ਸਲਾਹਕਾਰ ਅਕਸਰ ਉਨ੍ਹਾਂ ਨੂੰ ਸਮੇਂ 'ਤੇ ਪੁੱਜਣ ਲਈ ਕਹਿੰਦੇ ਹਨ ਪਰ ਉਹ ਸਲਾਹਕਾਰਾਂ ਦੀਆਂ ਸਲਾਹਾਂ ਨੂੰ ਬਹੁਤ ਨਹੀਂ ਗੌਲਦੇ। ਅਸਲ 'ਚ ਹਰ ਪ੍ਰੋਗਰਾਮ 'ਚ ਲੇਟ ਪੁੱਜਣਾ ਸੁਖਬੀਰ ਬਾਦਲ ਦੀ ਆਦਤ ਬਣ ਚੁੱਕੀ ਹੈ ਤੇ ਉਹ ਆਪਣੀ ਆਦਤ ਤੋਂ ਮਜ਼ਬੂਰ ਹਨ।