ਚੰਡੀਗੜ੍ਹ:   ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਸਾਰੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਹਵਾ ਚੱਲ ਰਹੀ ਹੈ ਉਸ ਹਿਸਾਬ ਨਾਲ 2017 ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਸਰਕਾਰ ਘੱਟੋ-ਘੱਟ 95 ਸੀਟਾਂ 'ਤੇ ਜਿੱਤ ਹਾਸਲ ਕਰੇਗੀ।

 

71.73 ਕਰੋੜ ਰੁਪਏ ਦੀ ਲਾਗਤ ਨਾਲ ਬਰਨਾਲਾ-ਮਾਨਸਾ-ਸਰਦੂਲਗੜ•-ਸਿਰਸਾ ਰੋਡ ਨੂੰ ਚੌੜਾ ਕਰਨ ਸਬੰਧੀ ਰੱਖੇ ਨੀਂਹ ਪੱਥਰ ਤੋਂ ਬਾਅਦ ਇਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦੀ ਬਦੌਲਤ ਪੰਜਾਬ ਵਿਚ ਖੁਸ਼ਹਾਲੀ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ।

 

ਉਪ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਿਆਸਤ ਝੂਠ ਅਤੇ ਲਾਰਿਆਂ 'ਤੇ ਆਧਾਰਿਤ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਸਿਰੇ ਤੋਂ ਇਸ ਪਾਰਟੀ ਨੂੰ ਨਕਾਰਨਾ ਚਾਹੀਦਾ ਹੈ। ਆਪ ਆਗੂ ਭਗਵੰਤ ਮਾਨ 'ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਚੁਟਕਲੇ ਸੁਣਾ ਕੇ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਅਤੇ ਇਕ ਵਾਰ ਤਾਂ ਲੋਕ ਸਭਾ ਚੋਣਾਂ ਦੌਰਾਨ ਆਪ ਵਾਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਠੱਗ ਲਿਆ ਹੈ ਪਰ ਹੁਣ ਪੰਜਾਬ ਵਾਸੀ ਠੱਗੀ ਨਹੀਂ ਖਾਣਗੇ।

 

ਸੁਖਵੀਰ ਨੇ ਬਲਵੰਤ ਸਿੰਘ ਰਾਮੂਵਾਲੀਆ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਖੁਦ ਰਾਮੂਵਾਲੀਆ ਨੇ ਉਨਾਂ ਨੂੰ ਦੱਸਿਆ ਸੀ ਕਿ ਰੈਲੀਆਂ ਵਿਚ ਤਾਂ ਲੋਕ ਉਸ ਦੇ ਚੁਟਕਲੇ ਬਹੁਤ ਸੁਣਨ ਆ ਜਾਂਦੇ ਹੁੰਦੇ ਸਨ ਪਰ ਵੋਟਾਂ ਪਾਉਣ ਵੇਲੇ ਲੋਕ ਸਿਆਣਪ ਦਿਖਾਉਂਦੇ ਤੇ ਉਸ ਨੂੰ ਵੋਟਾਂ ਨਹੀਂ ਪਾਉਂਦੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹੀ ਹਾਲ ਇਸ ਵਾਰ ਆਮ ਆਦਮੀ ਪਾਰਟੀ ਦਾ ਹੋਣਾ ਹੈ।

 

ਉਨ੍ਹਾਂ ਕਿਹਾ ਕਿ ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਵੀ 2002-07 ਦੌਰਾਨ ਅਜਿਹੀ ਕੋਈ ਪ੍ਰਾਪਤੀ ਨਹੀਂ ਕੀਤੀ ਜੋ ਕਾਂਗਰਸੀ ਗਿਣਾ ਸਕਦੇ ਹੋਣ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਕੈਪਟਨ ਦਾ ਤਾਂ ਇਹ ਹਾਲ ਸੀ ਕਿ ਉਹ ਕਦੇ ਪੰਜਾਬ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਘਰੋਂ ਬਾਹਰ ਹੀ ਨਹੀਂ ਨਿਕਲਿਆ ਅਤੇ ਉਸ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸਰਦੂਲਗੜ੍ਹ ਪੰਜਾਬ ਵਿਚ ਹੈ ਜਾਂ ਪਾਕਿਸਤਾਨ ਵਿਚ।
ਇਸ ਮੌਕੇ ਇਕ ਅਹਿਮ ਐਲਾਨ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਸੇਵਾ ਕੇਂਦਰਾਂ ਤੋਂ ਬਾਅਦ ਸਤੰਬਰ ਮਹੀਨੇ ਦੇ ਦੂਜੇ ਹਫਤੇ ਸਾਰੇ ਪੰਜਾਬ ਵਿਚ ਪੇਂਡੂ ਸੇਵਾ ਕੇਂਦਰ ਵੀ ਸ਼ੁਰੂ ਕਰ ਦਿੱਤੇ ਜਾਣਗੇ।

 

ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਬੇਮਿਸਾਲ ਰਹੀ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ ਹੈ। ਪੰਜਾਬ ਵਿਚ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਦੀ ਹੈਟ੍ਰਿਕ ਬਣਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ਸਾਰੇ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ-ਨਾਲੀਆਂ 30 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੱਕੀਆਂ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਵਿਕਾਸਮੁਖੀ ਲੀਹ 'ਤੇ ਪਾਇਆ ਹੈ ਅਤੇ ਤਰੱਕੀ ਪੱਖੋਂ ਇਸ ਵੇਲੇ ਸੂਬਾ ਅੱਵਲ ਸੂਬਿਆਂ ਵਿਚ ਸ਼ੁਮਾਰ ਹੈ।