Punjab Politics: ਲੋਕ ਸਭਾ ਚੋਣਾਂ ਤੋਂ ਪਹਿਲਾ ਆਪਣੀ ਸਿਆਸੀ ਸਾਖ ਲੱਭਣ ਲਈ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਹੀ ਹੈ, ਇਸ ਮੌਕੇ ਸੁਖਬੀਰ ਬਾਦਲ ਨੇ ਸੰਗਰੂਰ ਵਿੱਚ ਮੀਡੀਆ ਦੇ ਮੁਖਾਬਤ ਹੁੰਦਿਆਂ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧੇ ਹਨ।


ਕਿਸਾਨਾਂ ਨੂੰ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਦਾ ਬਾਈਕਾਟ


ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੋਟਾਂ ਤੋਂ ਪਹਿਲਾਂ ਹੋਰ ਕੁਝ ਕਹਿੰਦੀ ਸੀ ਪਰ ਹੁਣ ਕੁਝ ਹੋਰ ਕਰ ਰਹੀ ਹੈ। ਆਪ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ 22 ਫ਼ਸਲਾਂ ਉੱਤੇ ਘੱਟੋ ਘੱਟ ਸਮਰਥਣ ਮੁੱਲ ਦਿਆਂਗੇ। ਸੁਖਬੀਰ ਬਾਦਲ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦਾ ਬਾਈਕਾਟ ਹੋਣਾ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਆਪ ਐਮਐਸਪੀ ਦੇਣ ਦਾ ਵਾਅਦਾ ਕਰਕੇ ਮੁੱਕਰ ਗਈ ਹੈ ਤੇ ਮੰਡੀਆਂ ਨੂੰ ਪ੍ਰਾਈਵੇਟ  ਕੀਤਾ ਜਾ ਰਿਹਾ ਹੈ ਜੇ ਪੰਜਾਬ ਦਾ ਕੋਈ ਨੁਕਸਾਨ ਕਰੇਗੀ ਤਾਂ ਸਭ ਤੋਂ ਵੱਧ ਆਮ ਆਦਮੀ ਪਾਰਟੀ ਕਰੇਗੀ।






ਪੰਜਾਬ ਨੂੰ ਦਿੱਲੀ ਵਾਲਿਆਂ ਨੇ ਬਣਾਇਆ ਪੈਸੇ ਇਕੱਠੇ ਕਰਨ ਦਾ ਜ਼ਰੀਆ


ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖ਼ਾਲਸਾ ਪੰਥ ਤੇ ਪੰਜਾਬੀਆਂ ਦੀ ਪਾਰਟੀ ਹੈ, ਪੰਜਾਬ ਨੂੰ ਸਮਝਦੀ ਹੈ ਤੇ ਪੰਜਾਬ ਦੀਆਂ ਮੁਸ਼ਕਿਲਾਂ ਨੂੰ ਜਾਣਦੀ ਹੈ, ਪੰਜਾਬ ਦੀਆਂ ਕੀ ਲੋੜਾਂ ਹਨ ਉਨ੍ਹਾਂ ਲਈ ਲੜਦੀ ਰਹੀ ਹੈ ਤੇ ਅੱਗੇ ਵੀ ਲੜਦੀ ਰਹੇਗੀ।
ਜੋ ਦਿੱਲੀ ਦੀਆਂ ਪਾਰਟੀਆਂ ਹਨ ਉਨ੍ਹਾਂ ਦਾ ਪੰਜਾਬ ਨਾਲ ਕੋਈ ਲਗਾਅ ਨਹੀਂ ਹੈ। ਜਿਵੇਂ ਦਿੱਲੀ ਦੇ ਲੀਡਰ ਕਹਿੰਦੇ ਹਨ ਪੰਜਾਬ ਵਾਲੇ ਉਸੇ ਤਰ੍ਹਾਂ ਹੀ ਕਰਦੇ ਹਨ। ਦਿੱਲੀ ਤੋਂ ਆਦੇਸ਼ ਆਇਆ ਕਿ ਮੰਡੀਆਂ ਨੂੰ ਪ੍ਰਾਈਵੇਟ ਕਰ ਦਿਓ ਤਾਂ ਭਗਵੰਤ ਮਾਨ ਨੇ ਕਰ ਦਿੱਤੀਆਂ। ਉਨ੍ਹਾਂ ਨੇ ਪੰਜਾਬ ਨੂੰ ਪੈਸੇ ਇਕੱਠੇ ਕਰਨ ਦਾ ਜ਼ਰੀਆ ਬਣਾਇਆ ਹੈ।


ਪਹਿਲਾਂ ਕਾਂਗਰਸ ਨੇ ਲੁੱਟਿਆ ਤੇ ਹੁਣ...


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਗੰਵਤ ਮਾਨ ਤੇ ਕਾਂਗਰਸੀ ਦਿੱਲੀ ਦੀ ਇੱਕੋ ਸਟੇਜ ਉੱਤੇ ਬੈਠੇ ਹਨ ਤੇ ਪੰਜਾਬ ਵਿੱਚ ਵੀ ਇਹ ਰਲੇ ਹੋਏ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਇੱਕ ਹਨ। ਪਹਿਲਾਂ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਤੇ ਹੁਣ ਆਮ ਆਦਮੀ ਪਾਰਟੀ ਲੁੱਟ ਰਹੀ ਹੈ। 


ਪੰਜਾਬੀਆਂ ਨੂੰ ਸੁਖਬੀਰ ਬਾਦਲ ਦੀ ਅਪੀਲ


ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਬਚਾ ਲਓ, ਅਕਾਲੀ ਦਲ ਨੂੰ ਤਕੜਾ ਕਰੋ ਪੰਜਾਬ ਤਾਂਹੀ ਬਚੇਗਾ ਨਹੀਂ ਤਾਂ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਹੈ।