ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਨਵਜੋਤ ਕੌਰ ਨੂੰ ਡੀਐਸਪੀ ਦੀ ਨੌਕਰੀ ਦੇਣ ਦੀ ਮੰਗ ਉਠਾਈ ਹੈ। ਸੁਖਬੀਰ ਨੇ ਭਾਰਤੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ਸਟਾਰ ਹਰਮਨਪ੍ਰੀਤ ਕੌਰ ਦੀ ਡੀਐਸਪੀ ਵਜੋਂ ਨਿਯੁਕਤੀ ਲਈ ਕਾਂਗਰਸ ਸਰਕਾਰ ਦੀ ਪ੍ਰਸੰਸ਼ਾ ਵੀ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤਰਨ ਤਾਰਨ ਵਾਸੀ ਨਵਜੋਤ ਨੇ ਹਾਲ ਹੀ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਲ ਕਰਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਸੀ। ਦੋ ਸਾਲ ਪਹਿਲਾਂ ਉਸ ਨੂੰ ਸੱਟ ਵੀ ਲੱਗ ਗਈ ਸੀ। ਉਨ੍ਹਾਂ ਕਿਹਾ ਕਿ ਨਵਜੋਤ ਦੀ ਜਿੱਤ ਨਾਲ ਜਿੱਥੇ ਭਾਰਤੀ ਮਹਿਲਾ ਪਹਿਲਵਾਨਾਂ ਦਾ ਚਿਰੋਕਣਾ ਸੁਫਨਾ ਸੱਚ ਹੋਇਆ ਹੈ, ਉੱਥੇ ਪੰਜਾਬ ਤੇ ਪੰਜਾਬੀਆਂ ਲਈ ਵੀ ਇਹ ਫਖ਼ਰ ਵਾਲੀ ਘੜੀ ਹੈ।
ਨਵਜੋਤ ਨੂੰ ਡੀਐਸਪੀ ਦੀ ਨੌਕਰੀ ਦਿੱਤੇ ਜਾਣ ਦੀ ਬੇਨਤੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਟਾਰ ਪਹਿਲਵਾਨ ਨੂੰ ਲੋੜੀਂਦੀ ਆਰਥਿਕ ਗਰਾਂਟ ਜਾਰੀ ਕਰਕੇ ਉਸ ਦੀ ਏਸ਼ੀਅਨ ਖੇਡਾਂ ਤੇ ਟੋਕੀਓ ਓਲੰਪਿਕਸ ਦੀ ਤਿਆਰੀ ਵਾਸਤੇ ਵੀ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਦੇ ਪਰਿਵਾਰ ਨੇ ਆਪਣੇ ਸੀਮਤ ਸਰੋਤਾਂ ਦੇ ਬਾਵਜੂਦ ਨੂੰ ਇਸ ਹੋਣਹਾਰ ਕੁੜੀ ਨੂੰ ਇੱਥੇ ਤਕ ਲਿਆਉਣ ਵਿੱਚ ਮੱਦਦ ਕੀਤੀ ਹੈ। ਹੁਣ ਅੱਗੇ ਨਵਜੋਤ ਦੀ ਤਿਆਰੀ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਨੂੰ ਓਟਣੀ ਚਾਹੀਦੀ ਹੈ।