ਚੰਡੀਗੜ੍ਹ: 59 ਬੇਦੋਸ਼ੇ ਲੋਕਾਂ ਦੀ ਜਾਨ ਲੈਣ ਵਾਲੇ ਭਿਆਨਕ ਰੇਲ ਹਾਦਸੇ ’ਤੇ ਸਿਆਸਤ ਭਖ਼ਦੀ ਨਜ਼ਰ ਆ ਰਹੀ ਹੈ। ਸੂਬੇ ਦੇ ਵੱਖ-ਵੱਖ ਸਿਆਸਤਦਾਨ ਇਸ ਤ੍ਰਾਸਦੀ ਸਬੰਧੀ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਸਮੇਂ ਪਹਿਲਾਂ ਅਕਾਲੀ ਦਲ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਸਿੱਧੂ ਜੋੜੇ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਐਫਆਈਆਰ ਅਣਪਛਾਤੇ ਮੁਲਜ਼ਮਾਂ ਖਿਲਾਫ ਨਹੀਂ, ਬਲਕਿ ਸਿੱਧੂ ਜੋੜੇ ਅਤੇ ਦੁਸਹਿਰੇ ਦੇ ਪ੍ਰਬੰਧਕਾਂ ਖ਼ਿਲਾਫ਼ ਦਰਜ ਕੀਤੀ ਜਾਣੀ ਚਾਹੀਦੀ ਹੈ।

ਸਟੇਜ ਤੋਂ ਪ੍ਰਬੰਧਕ ਦੇ ਸ਼ਬਦਾਂ ਦਾ ਹਵਾਲਾ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਹਾਦਸਾ ਕੋਈ ਤ੍ਰਾਸਦੀ ਨਹੀਂ, ਬਲਕਿ ਕਤਲੇਆਮ ਹੈ। ਦਰਅਸਲ, ਦੁਸਹਿਰੇ ਮੇਲੇ ਤੋਂ ਆਈਆਂ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਮੇਲੇ ਦੇ ਪ੍ਰਬੰਧਕਾਂ ਨੇ ਨਵਜੋਤ ਕੌਰ ਸਿੱਧੂ ਦੀ ਵਡਿਆਈ ਕਰਦਿਆਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਰੇਲਵੇ ਲਾਈਨਾਂ 'ਤੇ 5000 ਬੰਦਾ ਹੈ, ਜੇ ਇੱਥੋਂ 500 ਗੱਡੀਆਂ ਵੀ ਲੰਘ ਜਾਣ ਤਾਂ ਵੀ ਇਹ ਸਾਰੇ ਤੁਹਾਡੇ ਲਈ ਹੀ ਖੜ੍ਹੇ ਰਹਿਣਗੇ। ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਲੋਕਾਂ ਨੂੰ ਰੇਲਵੇ ਲਾਈਨਾਂ ਤੋਂ ਦੂਰ ਹੋਣ ਦੀ ਅਪੀਲ ਕੀਤੀ ਸੀ।

ਸਿੱਧੂ ’ਤੇ ਵਾਰ ਕਰਦਿਆਂ ਸੁਖਬੀਰ ਬਾਦਲ ਨੇ ਇਹ ਵੀ ਇਲਜ਼ਾਮ ਲਾਇਆ ਕਿ ਸਮਾਗਮ ਵਿੱਚ ਸਿਆਸੀ ਚਿਹਰਿਆਂ ਨੇ ਹਾਜ਼ਰੀ ਲਵਾਉਣੀ ਸੀ। ਸਥਾਨਕ ਸਰਕਾਰਾਂ ਮੰਤਰੀ ਨੂੰ ਮਨਜ਼ੂਰੀ ਦੀ ਕੋਈ ਲੋੜ ਨਹੀਂ ਪੈਂਦੀ ਇਸ ਲਈ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਦੀ ਕੋਈ ਮਨਜ਼ੂਰੀ ਨਹੀਂ ਲਈ ਗਈ। ਹਾਲਾਂਕਿ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਪ੍ਰੋਗਰਾਮ ਪੁਲਿਸ ਦੀ ਮਨਜ਼ੂਰੀ ਲੈ ਕੇ ਹੀ ਕੀਤਾ ਗਿਆ ਹੈ। ਹਾਲਾਂਕਿ, ਬਾਦਲ ਦੀ ਪ੍ਰੈਸ ਕਾਨਫ਼ਰੰਸ ਤੋਂ ਪਹਿਲਾਂ ਪੁਲਿਸ ਵੱਲੋਂ ਉਕਤ ਸਮਾਗਮ ਨੂੰ ਦਿੱਤੀ ਮਨਜ਼ੂਰੀ ਵੀ ਸਾਹਮਣੇ ਆ ਗਈ ਹੈ।

ਬਾਦਲ ਨਾਲ ਕਾਨਫ਼ਰੰਸ 'ਤੇ ਆਏ ਉਨ੍ਹਾਂ ਦੇ ਰਿਸ਼ਤੇਦਾਰ ਤੇ ਸਾਬਕਾ ਮਾਲ ਮੰਤਰੀ ਬਿਕਰਮ ਮਜੀਠੀਆ ਨੇ ਨਵਜੋਤ ਕੌਰ ਸਿੱਧੂ ਦੀ ਹਾਦਸੇ ਵਾਲੀ ਥਾਂ 'ਤੇ ਪਿਛਲੇ 40 ਸਾਲਾਂ ਤੋਂ ਦੁਸਹਿਰਾ ਮਨਾਏ ਜਾਣ ਦੀ ਗੱਲ ਦਾ ਖੰਡਨ ਕਰਦਿਆਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਮਜੀਠੀਆ ਨੇ ਵੀਡੀਓ ਤੇ ਤਸਵੀਰਾਂ ਨੂੰ ਸਬੂਤ ਵਜੋਂ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਸਾਲ ਇੱਥੇ ਕੋਈ ਸਮਾਗਮ ਨਹੀਂ ਹੋਇਆ ਪਰ ਇਸ ਤੋਂ ਪਿਛਲੇ ਸਾਲ ਬੀਜੇਪੀ ਨੇ ਇੱਥੇ ਦੁਸਹਿਰਾ ਜ਼ਰੂਰ ਮਨਾਇਆ ਸੀ, ਪਰ ਇੰਨੇ ਵੱਡੇ ਪੱਧਰ 'ਤੇ ਨਹੀਂ। ਦੋਵਾਂ ਅਕਾਲੀ ਲੀਡਰਾਂ ਨੇ ਕੈਪਟਨ ਵੱਲੋਂ ਇਸ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਨੂੰ ਬੇਲੋੜਾ ਕਰਾਰ ਕਦਿੰਦਿਆਂ ਕਿਹਾ ਕਿ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ।