ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵਾਲੇ ਪੈਸੇ ਇਕੱਠੇ ਕਰਨ ਲਈ ਹੀ ਸਿਆਸਤ ਵਿੱਚ ਆਏ ਹਨ। ਸੁਖਬੀਰ ਨੇ ਇਹ ਦਾਅਵਾ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਚੋਣ ਫੰਡ ਦੇਣ ਲਈ ਅਪੀਲ ਕਰਦੀ ਵੀਡੀਓ ਜਾਰੀ ਕਰਨ 'ਤੇ ਕੀਤਾ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਲੋਕ ਸਿਆਸਤ ਵਿੱਚ ਪੈਸੇ ਇਕੱਠੇ ਕਰਨ ਆਏ ਹਨ। ਹੁਣ ਭਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਹੈ ਕਿ ਉਨ੍ਹਾਂ ਚੋਣ ਤਾਂ ਹਾਰ ਹੀ ਜਾਣੀ ਹੈ, ਪਰ ਉਹ ਸੋਚ ਰਹੇ ਹਨ ਕਿ ਪੈਸੇ ਤਾਂ ਇਕੱਠੇ ਕਰ ਲਈਏ। ਅਕਾਲੀ ਦਲ ਵੱਲੋਂ ਲੋਕ ਸਭਾ ਦੇ ਬਾਕੀ ਰਹਿੰਦੇ ਉਮੀਦਵਾਰਾਂ ਦੇ ਐਲਾਨ ਬਾਰੇ ਬਾਦਲ ਨੇ ਕਿਹਾ ਕਿ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ।

ਜ਼ਰੂਰ ਪੜ੍ਹੋ- ਭਗਵੰਤ ਮਾਨ ਨੂੰ ਪਿਆ ਫੰਡਾਂ ਦਾ ਸੋਕਾ, ਲੋਕਾਂ ਤੋਂ ਮੰਗਿਆ 'ਦਸਵੰਧ'

ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟ ਦੇਣ 'ਤੇ ਸੁਖਬੀਰ ਨੇ ਕਿਹਾ ਕਿ ਇਹ ਸਾਰੇ ਛੇਤੀ ਹੀ ਸਾਬਕਾ ਸੰਸਦ ਮੈਂਬਰ ਹੋ ਜਾਣਗੇ। ਅੱਜ ਮਾਝੇ ਖਿੱਤੇ ਵਿੱਚ ਦੋ ਚੋਣ ਰੈਲੀਆਂ ਕਰਕੇ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਨੇ ਹਾਲੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ, ਪਰ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨਾਲ ਸੁਖਬੀਰ ਬਾਦਲ ਨੇ ਹਲਕਾ ਅਟਾਰੀ ਤੇ ਰਾਜਾਸਾਂਸੀ ਵਿੱਚ ਦੋ ਚੋਣ ਰੈਲੀਆਂ ਕੀਤੀਆਂ।

ਇਸ ਦੌਰਾਨ ਉਨ੍ਹਾਂ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਵੱਡੇ ਹਮਲੇ ਕੀਤੇ। ਸੁਖਬੀਰ ਨੇ ਇੱਥੇ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੋਦੀ ਸਰਕਾਰ ਦੀ ਜੰਮ ਕੇ ਸ਼ਲਾਘਾ ਵੀ ਕੀਤੀ।