ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਸਾਲ 2022 'ਚ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਹੀ ਕਮਰਕੱਸੇ ਕਰ ਲਏ ਹਨ। ਅਕਾਲੀ ਦਲ ਨੇ ਤਾਂ ਉਮੀਦਵਾਰਾਂ ਦਾ ਐਲਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਲਿਤ ਉਪ ਮੁੱਖ ਮੰਤਰੀ ਦਾ ਵੀ ਐਲਾਨ ਕਰ ਦਿੱਤਾ ਹੈ। ਦਰਅਸਲ ਅਕਾਲੀ ਦਲ ਇਸ ਵਾਰ ਕਿਸੇ ਵੀ ਕੀਮਤ ਤੇ ਪੰਜਾਬ ਦੀ ਸੱਤਾ 'ਤੇ ਬਿਰਾਜਮਾਨ ਹੋਣਾ ਚਾਹੁੰਦਾ ਹੈ।


ਪੰਜਾਬ 'ਚ ਦਲਿਤਾ ਦੀ ਕੁੱਲ 33 ਫੀਸਦ ਸੰਖਿਆ ਹੈ। ਸੁਖਬੀਰ ਬਾਦਲ ਇਹ 33 ਫੀਸਦ ਸੰਖਿਆ ਆਪਣੇ ਪੱਲੜੇ 'ਚ ਪਾਉਣਾ ਲੋਚਦੇ ਹਨ। ਇਸੇ ਲਈ ਉਨ੍ਹਾਂ ਮੌਕਾ ਦੇਖਦਿਆਂ ਨਾ ਵੱਡਾ ਐਲਾਨ ਚੋਣਾਂ ਤੋਂ ਇਕ ਸਾਲ ਪਹਿਲਾਂ ਹੀ ਕਰ ਦਿੱਤਾ ਹੈ। ਡਾ. ਬੀਆਰ ਅੰਬੇਦਕਰ ਦੀ 130ਵੀਂ ਜੈਅੰਤੀ ਮੌਕੇ ਪ੍ਰੋਗਰਾਮ 'ਚ ਸੁਖਬੀਰ ਨੇ ਐਲਾਨ ਕੀਤਾ ਕਿ ਪੰਜਾਬ 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਉਪ ਮੁੱਖ ਮੰਤਰੀ ਦਲਿਤ ਹੋਵੇਗਾ। ਇੰਨਾ ਹੀ ਨਹੀਂ ਦੁਆਬੇ 'ਚ ਬਾਬਾ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ।


ਓਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਚੁਣਾਂਵੀ ਜੁਮਲਾ ਕਰਾਰ ਦਿੰਦਿਆਂ ਕਿਹਾ ਕਿ 10 ਸਾਲ ਦੇ ਸ਼ਾਸਨ ਦੌਰਾਨ ਅਕਾਲੀ ਦਲ ਬੀਜੇਪੀ ਦਲਿਤ ਭਾਈਚਾਰੇ ਦੀ ਬਿਹਤਰੀ ਲਈ ਕੁਝ ਕਰ ਨਹੀਂ ਸਕੇ।


ਓਧਰ ਬੀਜੇਪੀ ਨੇ ਸੁਖਬੀਰ ਤੋਂ ਵੀ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਦੀ ਜਿੱਤ ਹੋਵੇਗੀ ਤਾਂ ਪੰਜਾਬ ਦਾ ਮੁੱਖ ਮੰਤਰੀ ਦਲਿਤ ਚਿਹਰਾ ਹੋਵੇਗਾ। ਬੀਜੇਪੀ ਲੀਡਰ ਤਰੁਣ ਚੁੱਘ ਨੇ ਇਹ ਐਲਾਨ ਕੀਤਾ ਕਿ ਪੰਜਾਬ ਵਿਧਾਨਸਭਾ ਚੋਣਾਂ 'ਚ ਜੇਕਰ ਬੀਜੇਪੀ ਸੱਤਾ 'ਚ ਆਉਂਦੀ ਹੈ ਤਾਂ ਮੁੱਖ ਮੰਤਰੀ ਦਲਿਤ ਬਣਾਇਆ ਜਾਵੇਗਾ।


ਇਸ ਵੇਲੇ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਅਕਸ ਧੁੰਦਲਾ ਹੈ ਤੇ ਬੀਜੇਪੀ ਤਿੰਨ ਖੇਤੀ ਕਾਨੂੰਨਾਂ ਕਰਕੇ ਘਿਰੀ ਹੋਈ ਹੈ। ਅਜਿਹੇ 'ਚ ਦੋਵੇਂ ਪਾਰਟੀਆਂ ਲੋਕਾਂ ਨੂੰ ਲੁਭਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀਆਂ। ਸੁਖਬੀਰ ਬਾਦਲ ਦੀ ਵੀ ਇੱਛਾ ਹੈ ਕਿ ਇਹ ਪੰਜ ਸਾਲ ਹੱਥੋਂ ਨਾ ਚਲੇ ਜਾਣ।


ਬੀਜੇਪੀ ਲਈ ਹਾਲਾਤ ਹੋਰ ਵੀ ਔਖੇ....ਇੱਕ ਤਾਂ ਪੰਜਾਬ 'ਚ ਬੀਜੇਪੀ ਦਾ ਆਧਾਰ ਨਹੀਂ, ਦੂਜਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨਹੀਂ ਰਿਹਾ ਤੇ ਤੀਜਾ ਖੇਤੀ ਕਾਨੂੰਨਾਂ ਕਾਰਨ ਵਿਰੋਧ ਹੋ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਹੋਣੀਆਂ ਹਨ। ਉਸ ਤੋਂ ਪਹਿਲਾਂ ਹੁਣ ਸਿਆਸੀ ਲੀਡਰਾਂ ਦੇ ਅਜੀਬੋ ਗਰੀਬ ਬਿਆਨ ਅਕਸਰ ਸੁਣਦੇ ਰਹਿਣਗੇ।