ਵੱਡੀ ਖਬਰ! ਸੁਖਬੀਰ ਬਾਦਲ ਹਾਲੇ ਨਹੀਂ ਦੇਣਗੇ ਅਸਤੀਫਾ
Punjab News : ਸੁਖਬੀਰ ਬਾਦਲ ਅਜੇ ਅਸਤੀਫਾ ਨਹੀਂ ਦੇਣਗੇ। ਅਕਾਲੀ ਦਲ ਉੱਚ ਪੱਧਰੀ ਕਮੇਟੀ ਬਣਾਏਗਾ ਚੋਣ ਵਿਚ ਹਾਰ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ (Akali Dal) ਦੀ ਕਰਾਰੀ ਹਾਰ ਹੋਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ (Sukhbir Badal) ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਦੇ ਅਸਤੀਫੇ ਦੀ ਮੰਗ ਹੋਣ ਲੱਗ ਪਈ ਹੈ। ਦੱਸ ਦੇਈਏ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ 'ਚ ਲਗਾਤਾਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਹੈ ਸੁਖਬੀਰ ਬਾਦਲ ਹਾਲੇ ਅਸਤੀਫਾ ਨਹੀਂ ਦੇਣਗੇ। ਜ਼ਿਕਰਯੋਗ ਹੈ ਕਿ ਅਕਾਲੀ ਦਲ ਉੱਚ ਪੱਧਰੀ ਕਮੇਟੀ ਬਣਾਏਗਾ ਚੋਣ 'ਚ ਹਾਰ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
ਇਸ ਲਈ ਐਸਜੀਪੀਸੀ ਮੈਂਬਰ ਤੇ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿਰੁੱਧ ਮੋਰਚਾ ਖੋਲ੍ਹਿਆ ਹੈ। ਜਥੇਦਾਰ ਚੂੰਘਾਂ ਨੇ ਕਿਹਾ ਕਿ ਜਦੋਂ ਤੋਂ ਸੁਖਬੀਰ ਬਾਦਲ ਨੇ ਕਮਾਂਡ ਸੰਭਾਲੀ ਹੈ, ਉਦੋਂ ਤੋਂ ਅਕਾਲੀ ਦਲ ਦੀ ਹਾਲਤ ਮਾੜੀ ਹੋ ਰਹੀ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਉੱਪਰ ਸੁਖਬੀਰ ਬਾਦਲ ਦੀ ਦਿੱਖ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਕਦੇ ਦਾਹੜਾ ਖੋਲ੍ਹ ਕੇ ਨਹੀਂ ਰੱਖਿਆ।
ਉਨ੍ਹਾਂ ਕਿਹਾ ਕਿ ਸਖਬੀਰ ਬਾਦਲ ਨੇ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਇੱਕ ਪੰਜਾਬੀ ਪਾਰਟੀ ਵਿੱਚ ਤਬਦੀਲ ਕਰ ਦਿੱਤਾ ਹੈ। ਅਕਾਲੀ ਦਲ ਦੇ ਸਮਾਗਮਾਂ ਵਿੱਚ ਸੁਖਬੀਰ ਬਾਦਲ ਨੇ ਢਾਡੀ ਕਲਚਰ ਖਤਮ ਕਰਕੇ ਨਚਾਰ ਕਲਚਰ ਲਿਆਂਦਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਲਈ ਹੋਈ ਸੀ। ਇਸ ਲਈ ਵੱਡੀਆਂ ਸ਼ਹਾਦਤਾਂ, ਕੁਰਬਾਨੀਆਂ ਤੇ ਮੋਰਚੇ ਲੱਗੇ ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਮੋਹ ਵਿੱਚ ਫਸ ਕੇ ਪਾਰਟੀ ਦੀ ਵਾਗਡੋਰ ਸੁਖਬੀਰ ਬਾਦਲ ਨੂੰ ਦੇ ਦਿੱਤੀ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀਆਂ ਗਲਤ ਨੀਤੀਆਂ ਉੱਪਰ ਜਿਸ ਨੇ ਵੀ ਸਵਾਲ ਖੜ੍ਹੇ ਕੀਤੇ, ਉਸ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਖਦੇਵ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਇਸ ਦੀ ਉਦਹਾਰਨ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਵਿੱਚ ਐਸਜੀਪੀਸੀ ਦੇ ਮੁਲਾਜ਼ਮ ਹੀ ਹਾਜ਼ਰ ਹੁੰਦੇ ਹਨ।