ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਬਿਜਲੀ ਦੇ ਬਿੱਲਾਂ ਦੇ ਮੁਦੇ 'ਤੇ ਘੇਰਿਆ। ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਦਯੋਗਪਤੀਆਂ ਨੂੰ ਵਧਾਈਆਂ ਦਰਾਂ ਵਾਲੇ ਬਿਜਲੀ ਦੇ ਬਿਲ ਭੇਜ ਕੇ ਉੁਨ੍ਹਾਂ ਨਾਲ ਧੋਖਾ ਕੀਤਾ ਹੈ, ਜੋ ਕਿ ਪੁਰਾਣੀਆਂ ਦਰਾਂ ਨਾਲੋਂ ਲਗਪਗ 10 ਫ਼ੀ ਸਦ ਜ਼ਿਆਦਾ ਹਨ। ਜਦਕਿ ਸਰਕਾਰ ਨੇ ਐਲਾਨ ਕੀਤਾ ਇਹ ਸੀ ਕਿ ਉਨ੍ਹਾਂ ਨੂੰ ਅਗਲੇ ਬਿਲ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਭੇਜੇ ਜਾਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਖ਼ੁਦ ਐਲਾਨ ਕੀਤਾ ਸੀ ਕਿ ਇੰਡਸਟਰੀ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾਵੇਗੀ, ਪਰ ਅਸਲੀਅਤ ਵਿੱਚ ਬਿੱਲ ਕਈ ਗੁਣਾ ਵਧਾ ਕੇ ਭੇਜਿਆ ਗਿਆ। ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਬਿਜਲੀ ਦੀਆਂ ਪੁਰਾਣੀਆਂ ਦਰਾਂ ਲਗਪਗ 8 ਰੁਪਏ ਪ੍ਰਤੀ ਯੂਨਿਟ ਸਨ ਅਤੇ ਉਪਭੋਗਤਾਵਾਂ ਨੂੰ ਜਿਹੜੇ ਮੌਜੂਦਾ ਸਮੇਂ ਦੋ ਮਹੀਨੇ ਦੇ ਬਿਲ ਮਿਲ ਰਹੇ ਹਨ, ਉਨ੍ਹਾਂ ਵਿੱਚ 10 ਫ਼ੀ ਸਦ ਹੋਰ ਵਾਧਾ ਕਰ ਦਿੱਤਾ ਗਿਆ ਹੈ।
ਸਰਕਾਰ ਦੇ ਇਸ ਕਦਮ ਨੂੰ ਠੱਗੀ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਨੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਵਾਸਤੇ ਬਜਟ ਵਿੱਚ ਪ੍ਰਸਤਾਵ ਲਿਆਂਦਾ ਸੀ ਅਤੇ ਇਸ ਨੂੰ ਲਾਗੂ ਕਰਨ ਵਾਸਤੇ ਵਜ਼ਾਰਤ ਵੱਲੋਂ ਵੀ ਫੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖ਼ੁਦ ਵੀ ਇਹ ਐਲਾਨ ਕੀਤਾ ਸੀ ਅਤੇ ਜਿਸ ਵਾਸਤੇ ਉਦਯੋਗ ਜਥੇਬੰਦੀਆਂ ਦੇ ਨੁੰਮਾਇੰਦਿਆਂ ਨੇ ਪੂਰੇ ਪੰਨਿਆਂ ਦੇ ਇਸ਼ਤਿਹਾਰ ਦੇ ਕੇ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ ਸੀ। ਪਰ ਬਿਜਲੀ ਦੇ ਬਿਲ ਵੰਡੇ ਜਾਣ ਮਗਰੋਂ ਸਾਹਮਣੇ ਆਇਆ ਕੌੜਾ ਸੱਚ ਇਹ ਹੈ ਕਿ ਬਿਜਲੀ ਦੇ ਬਿਲ ਬਹੁਤ ਜ਼ਿਆਦਾ ਵਧਾ ਦਿੱਤੇ ਗਏ ਹਨ।