Vidhan Sabha Session: ਸੁਖਬੀਰ ਬਾਦਲ ਨੇ ਹਫ਼ਤਾ ਜਾਂ 10 ਦਿਨ ਨਹੀਂ ਪੂਰਾ ਇੱਕ ਮਹੀਨਾ ਸੈਸ਼ਨ ਵਧਾਉਣ ਦੀ ਕੀਤੀ ਮੰਗ
Punjab Vidhan Sabha Session: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਇਹ ਵੀ ਚਾਹੁੰਦੇ ਹਨ ਕਿ ਆਪ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਲਏ 85 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਸਮੇਤ ਸੂਬੇ ਸਿਰ ਨਿੱਤ ਵੱਧ ਰਹੇ ਕਰਜ਼ੇ
Punjab Vidhan Sabha Session: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਦੇ ਆਉਂਦੇ ਮੌਨਸੂਨ ਇਜਲਾਸ ਨੂੰ ਤਿੰਨ ਰੋਜ਼ਾ ਸੈਸ਼ਨ ਤੋਂ ਵਧਾ ਕੇ ਇਕ ਮਹੀਨੇ ਦਾ ਕੀਤਾ ਜਾਵੇ ਤਾਂ ਜੋ ਆਮ ਆਦਮੀ ਪਾਰਟੀ (ਆਪ) ਵੱਲੋਂ ਸੂਬੇ ਦੇ ਦਰਿਆਈ ਪਾਣੀਆਂ ਅਤੇ ਰਾਜਧਾਨੀ ਚੰਡੀਗੜ੍ਹ ’ਤੇ ਇਸਦੇ ਹੱਕ ਨੂੰ ਕਮਜ਼ੋਰ ਕਰਨ ਸਮੇਤ ਪੰਜਾਬ ਦੇ ਭੱਖਦੇ ਮਸਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਇਹ ਵੀ ਚਾਹੁੰਦੇ ਹਨ ਕਿ ਆਪ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਲਏ 85 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਸਮੇਤ ਸੂਬੇ ਸਿਰ ਨਿੱਤ ਵੱਧ ਰਹੇ ਕਰਜ਼ੇ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ। ਉਹਨਾਂ ਕਿਹਾ ਕਿ ਆਪ ਸਰਕਾਰ ਬੇਸ਼ਕੀਮਤੀ ਸਰੋਤਾਂ ਨੂੰ ਇਸ਼ਤਿਹਾਰਬਾਜੀ ਅਤੇ ਪ੍ਰਾਪੇਗੰਡਾ ਕਾਰਵਾਈਆਂ ’ਤੇ ਬਰਬਾਦ ਕਰ ਰਹੀ ਹੈ ਜਿਸਦੇ ਨਤੀਜੇ ਵਜੋਂ ਪੰਜਾਬ ਦਾ ਅਰਥਚਾਰਾ ਤਬਾਹ ਹੋ ਗਿਆ ਹੈ ਤੇ ਵਿਕਾਸ ਕਾਰਜ ਮੁਕੰਮਲ ਤੌਰ ’ਤੇ ਠੱਪ ਹੋ ਗਏ ਹਨ।
ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਪੰਜਾਬ ਵਿਚ ਕੋਈ ਨਵਾਂ ਨਿਵੇਸ਼ ਵੀ ਨਹੀਂ ਆ ਰਿਹਾ ਤੇ ਘਰੇਲੂ ਉਦਮੀਆਂ ਨੇ ਪਿਛਲੇ ਸਮੇਂ ਦੌਰਾਨ 22000 ਕਰੋੜ ਰੁਪਏ ਦਾ ਨਿਵੇਸ਼ ਗੁਆਂਢੀ ਰਾਜਾਂ ਵਿਚ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਸਰਕਾਰ ਨੇ ਕਿਸਾਨਾਂ ਤੋਂ ਵਾਜਬ ਕੀਮਤਾਂ ’ਤੇ ਜ਼ਮੀਨ ਐਕਵਾਇਰ ਕਰਨ ਵਿਚ ਨਾਕਾਮ ਰਹਿ ਕੇ ਪੰਜਾਬੀਆਂ ਨੂੰ ਨਾਕਾਮ ਕੀਤਾ ਹੈ, ਉਸਦੇ ਨਤੀਜੇ ਵਜੋਂ 3263 ਕਰੋੜ ਰੁਪਏ ਦੇ ਤਿੰਨ ਐਨ ਐਚ ਏ ਆਈ ਪ੍ਰਾਜੈਕਟ ਰੱਦ ਹੋ ਗਏ ਹਨ ਅਤੇ 14288 ਕਰੋੜ ਰੁਪਏ ਦੇ ਪ੍ਰਾਜੈਕਟ ਹੋਰ ਰੱਦ ਹੋਣ ਦੇ ਰਾਹ ਪਏ ਹਨ। ਉਹਨਾਂ ਕਿਹਾ ਕਿ ਸਪਸ਼ਟ ਤੌਰ ’ਤੇ ਇਹ ਕੁਪ੍ਰਬੰਧਨ ਦਾ ਮਾਮਲਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ ਸੰਵਿਧਾਨਕ ਫਰਜ਼ ਨਿਭਾਉਣ ਵਿਚ ਨਾਕਾਮ ਕਿਉਂ ਸਾਬਤ ਹੋ ਰਹੇ ਹਨ।
ਬਾਦਲ ਨੇ ਕਿਹਾ ਕਿ ਵਿਧਾਇਕ ਵੀ ਨਸ਼ਾ ਤਸਕਰੀ ਨੂੰ ਹੱਲ ਕਰਨ ਵਿਚ ਮੁੱਖ ਮੰਤਰੀ ਦੀ ਨਾਕਾਮੀ ’ਤੇ ਚਰਚਾ ਕਰਨੀ ਚਾਹੁੰਦੇ ਹਨ ਕਿਉਂਕਿ ਪਹਿਲਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਨਸ਼ਾ ਚਾਰ ਹਫਤਿਆਂ ਵਿਚ ਖਤਮ ਹੋ ਜਾਵੇਗਾ, ਫਿਰ ਤਿੰਨ ਮਹੀਨੇ ਤੇ ਫਿਰ ਨਸ਼ਾ ਖਤਮ ਕਰਨ ਲਈ ਇਕ ਸਾਲ ਦੀ ਮਿਆਦ ਦੇ ਦਿੱਤੀ ਗਈ।
ਉਹਨਾਂਕਿਹਾ ਕਿ ਵਿਧਾਇਕ ਆਪੋ ਆਪਣੇ ਹਲਕੇ ਦੇ ਮਸਲੇ ਵੀ ਚੁੱਕਣਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਇਸ ਵਾਸਤੇ ਢੁਕਵਾਂ ਸਮਾਂ ਦਿੱਤਾ ਜਾਣਾ ਚਾਹੀਦਾ ਹੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਮੰਗ ਕੀਤੀ ਸੀ ਕਿ ਵਿਧਾਨ ਸਭਾ ਸੈਸ਼ਨ ਸਾਲਾਨਾ ਘੱਟੋ ਘੱਟ ਇਕ ਸਾਲ ਦਾ ਹੋਣਾ ਚਾਹੀਦਾ ਹੈ ਤੇ ਹੁਣ ਉਹ ਹਰ ਵਾਰ ਸਿਰਫ ਕੁਝ ਗਿਣਵੇਂ ਦਿਨਾਂ ਦਾ ਸੈਸ਼ਨ ਸੱਦ ਰਹੇ ਹਨ।