ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਪੂਰੇ ਜੋਬਨ 'ਤੇ ਹੈ ਤੇ ਸਿਆਸੀ ਸ਼ਰੀਕਾਂ ਵੱਲੋਂ ਇਕ ਦੂਜੇ 'ਤੇ ਰੱਝ ਕੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ ਤੇ ਅੰਮ੍ਰਿਤਸਰ ਪੂਰਬੀ ਹਲਕੇ 'ਚ ਤਾਂ ਸਿਆਸੀ ਆਗੂਆਂ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ ਕਿਉੰਕਿ ਇਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਅਕਾਲੀ ਦਲ ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਆਹਮੋ -ਸਾਹਮਣੇ ਹਨ ਤੇ ਦੋਵਾਂ ਵੱਲੋਂ ਲਗਾਤਾਰ ਇਕ ਦੂਜੇ 'ਤੇ ਅਤੇ ਪਰਿਵਾਰਾਂ 'ਤੇ ਸਿਆਸੀ ਹਮਲੇ ਹੋ ਰਹੇ ਹਨ ਤੇ ਅਜਿਹੇ ਅੱਜ ਸੁਖਬੀਰ ਬਾਦਲ ਨੇ ਚੱਲ ਰਹੀ ਸਿਆਸੀ ਤਲਖੀ 'ਚ ਕੁਝ ਸਮਝਦਾਰੀ ਦਿਖਾਉੰਦਿਆਂ ਵੱਧ ਰਹੀ ਕੁੜੱਤਣ ਨੂੰ ਕੁਝ ਘੱਟ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਜਦ ਸੁਖਬੀਰ ਬਾਦਲ ਨੇ ਇਕ ਸਵਾਲ ਦੇ ਜਵਾਬ 'ਚ ਨਵਜੋਤ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਵੱਲੋਂ ਲਾਏ ਇਲਜਾਮ ਬਾਬਤ ਬੋਲਣ ਦੀ ਬਜਾਏ ਸਿਰਫ ਏਨਾ ਕਿਹਾ ਕਿ ਉਹ ਬੇਟੀ ਹੈ, ਮੇੈਂ ਕੋਈ ਜਵਾਬ ਨਹੀਂ ਦੇਣਾ।
ਹੋਇਆ ਇੰਝ ਕਿ ਸੁਖਬੀਰ ਬਾਦਲ ਅੱਜ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇਕ ਪੱਤਰਕਾਰ ਨੇ ਨਵਜੋਤ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਵੱਲੋਂ ਬਿਕਰਮ ਮਜੀਠੀਆ 'ਤੇ ਡਰੱਗ ਬਾਬਤ ਲਾਏ ਇਲਜਾਮਾਂ 'ਤੇ ਸੁਖਬੀਰ ਬਾਦਲ ਦੀ ਪ੍ਰਤੀਕਿਰਿਆ ਮੰਗੀ ਤਾਂ ਸੁਖਬੀਰ ਬਾਦਲ, ਜੋ ਨਵਜੋਤ ਸਿੱਧੂ 'ਤੇ ਪ੍ਰੈਸ ਕਾਨਫਰੰਸ ਦੌਰਾਨ ਹੀ ਤਿੱਖੇ ਹਮਲੇ ਕਰ ਰਹੇ ਸਨ, ਨੇ ਮੌਕਾ ਸੰਭਾਲਦਿਆਂ ਕਿਹਾ ਕਿ ਮੈਂ ਇਸ ਬਾਰੇ ਕੋਈ ਜਵਾਬ ਨਹੀਂ ਦੇਣਾ, ਉਹ ਬੇਟੀ ਹੈ ਤੇ ਬੇਟੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ।
ਪੱਤਰਕਾਰ ਨੇ ਜਦ ਸਵਾਲ ਦੁਹਰਾਉੰਦੇ ਹੋਏ ਮੁੜ ਇਹ ਕਹਿ ਕੇ ਜਵਾਬ ਮੰਗਿਆ ਕਿ ਰਾਬੀਆ ਨੇ ਗੰਭੀਰ ਇਲਜਾਮ ਲਾਏ ਸਨ ਤਾਂ ਇਸ 'ਤੇ ਸੁਖਬੀਰ ਬਾਦਲ ਨੇ ਫਿਰ ਉਹੀ ਜਵਾਬ ਦਿੱਤਾ ਕਿ ਉਹ ਬੇਟੀ ਹੈ ਤੇ ਮੈਂ ਕੁਝ ਨਹੀਂ ਬੋਲਣਾ ਤੇ ਇਸ 'ਚ ਨਾਲ ਹੀ ਬਿਕਰਮ ਮਜੀਠੀਆ ਨੇ ਇਲਜਾਮ ਬਾਬਤ ਕਿਹਾ ਕਿ ਕੋਈ ਗੱਲ ਨਹੀਂ, ਉਹ ਬੇਟੀ ਹੈ ਤੇ ਅਸੀਂ ਕੁਝ ਨਹੀਂ ਕਹਿਣਾ। ਹਾਲਾਂਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ 'ਤੇ ਰੈਲੀ ਤੇ ਪ੍ਰੈਸ ਕਾਨਫਰੰਸ ਦੌਰਾਨ ਰੱਝ ਕੇ ਸ਼ਬਦੀ ਵਾਰ ਕੀਤੇ ਪਰ ਰਾਬੀਆ ਦੇ ਇਲਜਾਮ 'ਤੇ ਸੁਖਬੀਰ ਬਾਦਲ ਨੇ ਕੋਈ ਜਵਾਬ ਦੇਣ ਦੀ ਬਜਾਏ ਸੂਝਬੂਝ ਦਿਖਾਈ, ਜਿਸ ਦੀ ਸਿਆਸੀ ਗਲਿਆਰਿਆਂ 'ਚ ਸਰਾਹਨਾ ਹੋ ਰਹੀ ਹੈ ਤੇ ਇਸ ਚੋਣ 'ਚ ਸਿੱਧੂ-ਮਜੀਠੀਆ ਵਿਚਾਲੇ ਵੱਧ ਰਹੀ ਕੁੜੱਤਣ ਨੂੰ ਕਿਤੇ ਨਾ ਕਿਤੇ ਘੱਟ ਕਰਨ ਦੀ ਕੋਸ਼ਿਸ਼ ਹੈ।
ਉਂਝ ਅੱਜ ਸਿੱਧੂ ਜੋੜੇ ਨੇ ਬਿਕਰਮ ਮਜੀਠੀਆ 'ਤੇ ਡਰੱਗ ਨੂੰ ਲੈ ਕੇ ਆਪਣੀਆਂ ਰੈਲੀਆਂ, ਭਾਸ਼ਣਾਂ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਬਰਦਸਤ ਹਮਲੇ ਜਾਰੀ ਰੱਖੇ। ਜਦਕਿ ਰਾਬੀਆ ਸਿੱਧੂ ਨੇ ਅੱਜ ਪਹਿਲੀ ਵਾਰ ਇਸ ਸ਼ਬਦੀ ਜੰਗ 'ਚ ਬੋਲਦਿਆਂ ਆਖਿਆ ਸੀ ਕਿ ਲੋਕ ਮੇਰੇ ਪਿਤਾ ਤੇ ਬਿਕਰਮ ਮਜੀਠੀਆ 'ਚ ਫਰਕ ਦੇਖਣ ਤੇ ਮਜੀਠਾ 'ਚ ਕਰਿਆਨੇ ਦੀਆਂ ਦੁਕਾਨਾਂ ਤੋੰ ਚਿੱਟਾ ਵਿਕ ਰਿਹਾ ਹੈ ਤੇ ਅਸੀਂ ਪੂਰਬੀ ਹਲਕੇ ਦੇ ਬੱਚਿਆਂ ਨੂੰ ਨਸ਼ੇ ਤੋੰ ਬਚਾਉਣਾ ਹੈ। ਰਾਬੀਆ ਨੇ ਤਾਂ ਇਥੋੰ ਤਕ ਕਹਿ ਦਿੱਤਾ ਕਿ ਮਜੀਠੀਆ ਮੇਰੇ ਪਿਤਾ ਖਿਲਾਫ ਚੋਣ ਇਸ ਕਰਕੇ ਲੜ ਰਿਹਾ ਹੈ ਕਿਉੰਕਿ ਅਸੀਂ ਨਸ਼ਿਆਂ ਦੇ ਖਿਲਾਫ ਹਾਂ ਤੇ ਉਹ ਸਾਨੂੰ ਰੋਕਣਾ ਚਾਹੁੰਦਾ ਹੈ। ਵੈਸੇ ਸੁਖਬੀਰ ਬਾਦਲ ਖੁਦ ਆਪ ਵੀ ਦੋ ਬੇਟੀਆਂ ਦੇ ਪਿਤਾ ਹਨ ਤੇ ਉਨਾਂ ਦੀ ਵੱਡੀ ਬੇਟੀ ਵੀ ਜਲਾਲਾਬਾਦ 'ਚ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰ ਰਹੀ ਹੈ ਪਰ ਉਨਾਂ ਵੱਲੋੰ ਕਿਸੇ ਤਰਾਂ ਦਾ ਸਿਆਸੀ ਬਿਆਨ ਹਾਲੇ ਤਕ ਨਹੀਂ ਦਿੱਤਾ ਗਿਆ।