ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਟਿੱਪਣੀ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਇਸ ਟਿੱਪਣੀ ਸਬੰਧੀ ਸੁਨੀਲ ਜਾਖੜ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬੀਤੇ ਦਿਨੀਂ ਜਾਖੜ ਨੇ ਜੀ-23 ਦੇ ਆਗੂਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਹਾਈਕਮਾਨ ਉਨ੍ਹਾਂ ਆਗੂਆਂ ਨੂੰ ਐਨਾ ਸਿਰ ’ਤੇ ਨਾ ਬਿਠਾਏ ਜਿਹੜੇ ਪਾਰਟੀ ਦੇ ਰੁਤਬੇ ਨੂੰ ਢਾਹ ਲਗਾ ਰਹੇ ਹਨ।
ਬੇਸ਼ੱਕ ਜਾਖੜ ਨੇ ਇਹ ਟਿੱਪਣੀ ਜੀ-23 ਦੇ ਆਗੂਆਂ ਬਾਰੇ ਕੀਤੀ ਸੀ ਪਰ ਉਨ੍ਹਾਂ ਦੇ ਇਸ ਬਿਆਨ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਜਾਖੜ ਨੇ ਇਹ ਇਸ਼ਾਰਾ ਚੰਨੀ ਵੱਲ ਕਰ ਕੇ ਇੱਕ ਦਲਿਤ ਆਗੂ ਦੀ ਤੌਹੀਨ ਕੀਤੀ ਹੈ। ਸਾਬਕਾ ਕਾਂਗਰਸੀ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜਾਖੜ ਵੱਲੋਂ ਹੇਠਾਂ ਤੋਂ ਚੁੱਕ ਕੇ ਸਿਰ ’ਤੇ ਨਾ ਬਿਠਾਉਣ ਦੀ ਕਹੀ ਗੱਲ ਦਲਿਤ ਭਾਈਚਾਰੇ ਦੀ ਤੌਹੀਨ ਹੈ, ਜਿਸ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਕੌਮ ਸਹਿਣ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਜਾਖੜ ਫ਼ੌਰੀ ਆਪਣੀ ਟਿੱਪਣੀ ਲਈ ਭਾਈਚਾਰੇ ਤੋਂ ਮੁਆਫ਼ੀ ਮੰਗਣ। ਸਾਬਕਾ ਮੰਤਰੀ ਨੇ ਕਿਹਾ ਕਿ ਜੇਕਰ ਜਾਖੜ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਪਾਰਟੀ ਹਾਈਕਮਾਂਡ ਨੂੰ ਜਾਖੜ ਨੂੰ ਪਾਰਟੀ ’ਚੋਂ ਕੱਢਣ ਲਈ ਮਜਬੂਰ ਕਰ ਦੇਣਗੇ। ਉਧਰ, ਸੁਨੀਲ ਜਾਖੜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਜਾਤੀ ਵਿਸ਼ੇਸ਼ ਲਈ ਇਹ ਟਿੱਪਣੀ ਨਹੀਂ ਕੀਤੀ ਸੀ ਬਲਕਿ ਇਹ ਟਿੱਪਣੀ ਦਿੱਲੀ ਦੇ ਉਨ੍ਹਾਂ ਆਗੂਆਂ ਬਾਰੇ ਸੀ, ਜਿਨ੍ਹਾਂ ਨੂੰ ਪਾਰਟੀ ਹਾਈਕਮਾਂਡ ਲੋੜ ਨਾਲੋਂ ਵੱਧ ਮਹੱਤਵ ਦੇ ਰਹੀ ਸੀ।
ਜਾਖੜ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਿਰਫ਼ ਇਹ ਕਿਹਾ ਸੀ ਕਿ ਹਾਈਕਮਾਂਡ ਅਜਿਹੇ ਆਗੂਆਂ ਨੂੰ ਸਿਰ ’ਤੇ ਨਾ ਬਿਠਾਏ, ਪਰ ਉਨ੍ਹਾਂ ਦੀ ਇਸ ਟਿੱਪਣੀ ਨੂੰ ਹੋਰ ਰੰਗਤ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਹਰ ਧਰਮ ਤੇ ਜਾਤੀ ਦਾ ਸਨਮਾਨ ਕਰਦੇ ਹਨ ਤੇ ਪੱਛੜੇ ਵਰਗਾਂ ਲਈ ਉਨ੍ਹਾਂ ਨੇ ਹਮੇਸ਼ਾ ਆਵਾਜ਼ ਉਠਾਈ ਹੈ। ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਦੇ ਸਨਮਾਨ ਨੂੰ ਠੇਸ ਪੁੱਜੀ ਹੈ ਤਾਂ ਉਹ ਦਿਲੋਂ ਅਫ਼ਸੋਸ ਪ੍ਰਗਟ ਕਰਦੇ ਹਨ।
ਸੁਨੀਲ ਜਾਖੜ ਨੂੰ ਲੱਗਣ ਲੱਗਾ ਬੇਬਾਕ ਟਿੱਪਣੀਆਂ ਦਾ ਸੇਕ, ਸਾਬਕਾ ਮੰਤਰੀ ਬੋਲੇ, ਜਾਖੜ ਨੂੰ ਪਾਰਟੀ ’ਚੋਂ ਕੱਢਣ ਲਈ ਮਜਬੂਰ ਕਰ ਦਿਆਂਗੇ
ਏਬੀਪੀ ਸਾਂਝਾ
Updated at:
07 Apr 2022 11:16 AM (IST)
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਟਿੱਪਣੀ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਇਸ ਟਿੱਪਣੀ ਸਬੰਧੀ ਸੁਨੀਲ ਜਾਖੜ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
Sunil_Jakhar
NEXT
PREV
Published at:
07 Apr 2022 11:16 AM (IST)
- - - - - - - - - Advertisement - - - - - - - - -