ਚੰਡੀਗੜ੍ਹ: ਪੰਜਾਬ ਦੀਆਂ ਸਮੂਹ ਜਨਤਕ ਜਥੇਬੰਦੀਆਂ, ਲੇਖਕ ਸਭਾਵਾਂ, ਤਰਕਸ਼ੀਲ ਜਥੇਬੰਦੀਆਂ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਕਵੀ ਸੁਰਜੀਤ ਗੱਗ ਖਿਲਾਫ ਧਾਰਾ 295 ਏ ਤਹਿਤ ਪਰਚਾ ਦਰਜ ਕਰਨ ਦੇ ਰੋਸ ਵਜੋਂ 16 ਜਨਵਰੀ ਨੂੰ ਸਵੇਰੇ 10 ਵਜੇ, ਮਹਾਰਾਜਾ ਰਣਜੀਤ ਸਿੰਘ ਬਾਗ, ਰੋਪੜ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਐਸਐਸਪੀ ਰੂਪਨਗਰ ਨੂੰ ਮਿਲ ਕੇ ਪਰਚਾ ਰੱਦ ਕਰਵਾਉਣ ਲਈ ਮੰਗ ਪੱਤਰ ਦਿੱਤਾ ਜਾਵੇਗਾ।


ਲੇਖਕਾਂ ਨੇ ਕਿਹਾ ਹੈ ਕਿ ਭਾਰਤੀ ਤੇ ਪੰਜਾਬ ਦੀ ਹਕੂਮਤ ਵੱਲੋਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਜਮਹੂਰੀ ਅਧਿਕਾਰ ਨੂੰ ਦਬਾਉਣ ਲਈ ਲੇਖਕਾਂ, ਪੱਤਰਕਾਰਾਂ, ਰੰਗਕਰਮੀਆਂ, ਸਾਹਿਤਕਾਰਾਂ ਦੀ ਜ਼ੁਬਾਨਬੰਦੀ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੇ ਸਿੱਟੇ ਵਜੋਂ ਪੰਜਾਬੀ ਸਾਹਿਤਕਾਰ ਸੁਰਜੀਤ ਗੱਗ ਖਿਲਾਫ਼ ਥਾਣਾ ਅਨੰਦਪੁਰ ਸਾਹਿਬ ਧਾਰਾ 295 ਏ ਤਹਿਤ ਪਰਚਾ ਦਰਜ ਕੀਤਾ ਗਿਆ ਹੈ, ਜੋ ਲੇਖਕਾਂ ਦੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ।

ਉਨ੍ਹਾਂ ਕਿਹਾ ਕਿ ਇਤਿਹਾਸ ਦੀ ਤੋੜ-ਮਰੋੜ ਕਰਨ ਵਾਲਿਆਂ ਨੂੰ ਜ਼ਾਬਰ ਹਕੂਮਤ ਵੱਲੋਂ ਅਹੁਦੇ ਬਖਸ਼ੇ ਜਾ ਰਹੇ ਹਨ ਤੇ ਵਿਅੰਗਾਤਮਿਕ ਸ਼ੈਲੀ ਵਿੱਚ ਮਿਥਿਹਾਸ 'ਤੇ ਸਵਾਲ ਚੁੱਕਣ ਵਾਲੇ ਸਾਹਿਤਕਾਰਾਂ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਸਥਾਪਤੀ ਦੇ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲ ਦੇਣਾ ਚਾਹੁੰਦੀਆਂ ਹਨ। ਇਸ ਜ਼ਾਬਰ ਹਕੂਮਤ ਦੇ ਇਸ ਤਰ੍ਹਾਂ ਦੇ ਗੈਰਜਮਹੂਰੀ ਹਰ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਜਾਣਾ ਸਮੇਂ ਦੀ ਅਣਸਰਦੀ ਲੋੜ ਬਣ ਜਾਂਦਾ ਹੈ।