ਵੱਡੀ ਖਬਰ! ਵੜਿੰਗ ਖਿਲਾਫ ਬਿਆਨਬਾਜ਼ੀ ਕਰਨੀ ਧੀਮਾਨ ਨੂੰ ਪਈ ਮਹਿੰਗੀ, ਪਾਰਟੀ 'ਚੋਂ ਕੱਢਿਆ
ਵੜਿੰਗ ਖਿਲਾਫ ਬਿਆਨਬਾਜ਼ੀ ਕਰਨਾ ਧੀਮਾਨ ਨੂੰ ਪਈ ਮਹਿੰਗੀ, ਪਾਰਟੀ 'ਚੋਂ ਕੱਢਿਆ
ਮਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ- ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਬਿਆਨਬਾਜ਼ੀ ਕਰਨਾ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਮਹਿੰਗਾ ਪੈ ਗਿਆ ਹੈ । ਪਾਰਟੀ ਵਿਰੋਧੀ ਗਤੀਵਿਧੀਆਂ ਲਈ ਧੀਮਾਨ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ । ਧੀਮਾਨ ਨੇ 2017 'ਚ ਅਮਰਗੜ੍ਹ ਤੋਂ ਚੋਣ ਜਿੱਤੀ ਜੋ ਕਿ ਕੈਪਟਨ ਦੇ ਖਿਲਾਫ ਅਤੇ ਸਿੱਧੂ ਦੇ ਹੱਕ 'ਚ ਸੀ।
ਦਸ ਦਈਏ ਕਿ ਬੀਤੇ ਦਿਨ ਹੀ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਧੀਮਾਨ ਨੇ ਇੱਕ ਨਿੱਜੀ ਚੈਨਲ ਨਾਲ ਫੋਨ 'ਤੇ ਗੱਲਬਾਤ ਦੌਰਾਨ ਪ੍ਰਧਾਨਗੀ 'ਤੇ ਸਵਾਲ ਚੁੱਕੇ ਸਨ।
ਅਮਰਿੰਦਰ ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੇ ਹਾਈਕਮਾਂਡ ਦੇ ਫੈਸਲੇ ਤੋਂ ਕਾਂਗਰਸੀ ਆਗੂ ਸੁਰਜੀਤ ਧੀਮਾਨ ਨਾਖੁਸ਼ ਨਜ਼ਰ ਆ ਰਹੇ ਸਨ। ਧੀਮਾਨ ਜੋ ਅਕਸਰ ਨਵਜੋਤ ਸਿੱਧੂ ਦੇ ਹੱਕ ਵਿੱਚ ਨਜ਼ਰ ਆਉਂਦੇ ਹਨ, ਨੇ ਇੱਕ ਨਿਊਜ਼ ਚੈਨਲ ਨਾਲ ਫ਼ੋਨ 'ਤੇ ਗੱਲ ਕਰਦਿਆਂ ਕਿਹਾ ਕਿ ਪਾਰਟੀ ਨੂੰ ਕਿਸੇ ਤਜਰਬੇਕਾਰ ਵਿਅਕਤੀ ਨੂੰ ਪ੍ਰਧਾਨ ਨਿਯੁਕਤ ਕਰਨਾ ਚਾਹੀਦਾ ਸੀ। ਉਨ੍ਹਾਂ ਅਮਰਿੰਦਰ ਰਾਜਾ ਵੜਿੰਗ 'ਤੇ ਕਈ ਗੰਭੀਰ ਦੋਸ਼ ਵੀ ਲਾਏ।
ਉਨ੍ਹਾਂ ਕਿਹਾ ਕਿ ਅਸੀਂ ਉਸ ਆਗੂ ਦਾ ਸਾਥ ਦੇਵਾਂਗੇ ਜੋ ਪੰਜਾਬ ਦੇ ਵਰਕਰਾਂ ਦੀ ਆਵਾਜ਼ ਸੁਣੇਗਾ। ਉਨ੍ਹਾਂ ਕਿਹਾ ਕਿ ਮੈਂ ਹਾਈਕਮਾਂਡ ਦੇ ਫੈਸਲੇ ਦਾ ਵਿਰੋਧ ਕਰਦਾ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਬੈਠੇ ਹੋਰ ਵੀ ਕਈ ਚੰਗੇ ਤਜਰਬੇਕਾਰ ਆਗੂਆਂ ਨੂੰ ਨਾਲ ਲੈ ਕੇ ਪ੍ਰਧਾਨ ਨਿਯੁਕਤ ਕੀਤਾ ਜਾ ਸਕਦਾ ਸੀ।
ਕਾਂਗਰਸ ਹਾਈ ਕਮਾਨ ਪੰਜਾਬ ਵਿੱਚ ਨਵਾਂ ਪ੍ਰਯੋਗ ਕਰ ਰਹੀ ਹੈ। ਇਸ ਤਹਿਤ ਪੰਜਾਬ ਕਾਂਗਰਸ ਦੀ ਕਮਾਨ ਰਾਜਾ ਵੜਿੰਗ ਨੂੰ ਸੌਂਪ ਕੇ ਕਾਂਗਰਸ ਹਾਈਕਮਾਂਡ ਨੇ ਸਿੱਧੂ ਪੱਖੀ ਤੇ ਸਿੱਧੂ ਵਿਰੋਧੀ ਧੜੇ ਵਿੱਚ ਵੰਡੀ ਸੂਬਾ ਇਕਾਈ ਨੂੰ ਨਵੀਂ ਦਿਸ਼ਾ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਵੇਖਣਾ ਹੋਏਗਾ ਕਿ ਹਾਈਕਮਾਨ ਦਾ ਇਹ ਫੈਸਲਾ ਕਾਂਗਰਸ ਨੂੰ ਇੱਕਜੁੱਟ ਕਰਨ ਵਿੱਚ ਕਿੰਨਾ ਕੁ ਸਫਲ ਰਹਿੰਦਾ ਹੈ।
ਦੂਜੇ ਪਾਸੇ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਕਰੀਬ ਇੱਕ ਮਹੀਨਾ ਬਾਅਦ ਹਾਈਕਮਾਂਡ ਦੇ ਇਸ ਫੈਸਲੇ ਨੇ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਕਿਉਂਕਿ ਸੋਨੀਆ ਗਾਂਧੀ ਵੱਲੋਂ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਲੈਣ ਤੋਂ ਬਾਅਦ ਵੀ ਸਿੱਧੂ ਇਨ੍ਹੀਂ ਦਿਨੀਂ ਮੁੜ ਪ੍ਰਧਾਨਗੀ ਹਾਸਲ ਕਰਨ ਲਈ ਲਾਬਿੰਗ ਕਰ ਰਹੇ ਸਨ। ਇਸ ਦੇ ਨਾਲ ਹੀ ਵਿਰੋਧੀ ਧੜਾ ਸਿੱਧੂ ਦੀ ਖੁੱਲ੍ਹ ਕੇ ਮੁਖਾਲਫਤ ਕਰ ਰਿਹਾ ਸੀ। ਇਸ ਦੇ ਨਾਲ ਹੀ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਹੈ। ਇਸ ਤੋਂ ਇਲਾਵਾ ਪ੍ਰਤਾਪ ਬਾਜਵਾ ਨੂੰ ਸੀਐੱਲਪੀ ਲੀਡਰ ਅਤੇ ਡਾ. ਰਾਜਕੁਮਾਰ ਚੱਬੇਵਾਲ ਨੂੰ ਡਿਪਟੀ ਸੀਐੱਲਪੀ ਲੀਡਰ ਨਿਯੁਕਤ ਕੀਤਾ ਗਿਆ ਹੈ।