ਪੜਚੋਲ ਕਰੋ
ਅਧਿਆਪਕਾਂ ਨੂੰ ਨਹੀਂ ਭਾਇਆ ਕੈਪਟਨ ਦੀ ਪੱਕੀ ਨੌਕਰੀ ਦਾ ਤੋਹਫਾ

ਸੰਗਰੂਰ: ਪੰਜਾਬ ਕੈਬਨਿਟ ਨੇ ਸਰਵ ਸਿੱਖਿਆ ਅਭਿਆਨ (ਐਸਐਸਏ), ਰਾਸ਼ਟ੍ਰੀਆ ਮਾਧਿਆਮਿਕ ਸ਼ਿਕਸ਼ਾ ਅਭਿਆਨ (ਆਰਐਮਐਸਏ) ਸਮੇਤ ਆਦਰਸ਼ ਤੇ ਮਾਡਲ ਸਕੂਲਾਂ ਦੇ ਕੁੱਲ 8,886 ਅਧਿਆਪਕਾਂ ਦੀ ਤਨਖਾਹ 3 ਸਾਲ ਲਈ 42,800 ਤੋਂ ਘਟਾ ਕੇ 15000 ਰੁਪਏ ਕਰਕੇ ਅਧਿਆਕਾਂ ਨੂੰ ਰੈਗੂਲਰ ਕਰਨ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ। ਇਸ ਸਬੰਧੀ ਸਮੁੱਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਦੋੜ ਗਈ ਹੈ। ਇਸਦੇ ਵਿਰੋਧ ਵਿੱਚ ਸਾਂਝਾ ਮੋਰਚਾ ਸੰਗਰੂਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਦੀ ਅਰਥੀ ਫੂਕੀ ਗਈ। ਸਰਕਾਰ ਦੇ ਇਸ ਫੈਸਲੇ ’ਤੇ ਤੁਰੰਤ ਪ੍ਰਤੀਕਿਰਿਆ ਕਰਦਿਆਂ ਅਧਿਆਪਕ ਮੋਰਚੇ ਵੱਲੋਂ 7 ਅਕਤੂਬਰ ਤੋਂ ਪਟਿਆਲਾ ਵਿਖੇ ‘15000 ਨਾਲ ਵੀ ਮਰ ਜਾਵਾਂਗੇ, ਸਰਕਾਰ ਦੇ ਸਿਰ ਚੜ੍ਹ ਮਰਕੇ ਸਾਰਾ ਦੇਸ਼ ਜਗਾਵਾਂਗੇ’ ਦਾ ਨਾਅਰਾ ਬੁਲੰਦ ਕਰਦਿਆਂ ਸਮੂਹਿਕ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਅਧਿਆਪਕਾਂ ਨੇ ਕਿਹਾ ਕਿ ਇਹ 8886 ਅਧਿਆਪਕ ਲਗਭਗ ਪਿਛਲੇ 10 ਸਾਲਾਂ ਤੋਂ ਸੂਬੇ ਦੇ ਵੱਖ-ਵੱਖ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਪਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 75 ਪ੍ਰਤੀਸ਼ਤ ਤਕ ਦੀ ਕਟੌਤੀ ਕਰਕੇ ਮਹਿਜ਼ 15 ਹਜ਼ਾਰ ਰੁਪਏ ’ਤੇ ਰੈਗੂਲਰ ਕਰਨ ਦਾ ਤਾਨਾਸ਼ਾਹੀ ਫ਼ੈਸਲਾ ਲਿਆ ਹੈ। ਜ਼ਿਆਦਾਤਰ ਅਧਿਆਪਕ ਆਰਥਕ ਸੰਕਟ ਵਿੱਚ ਫਸ ਕੇ ਖ਼ੁਦਕੁਸ਼ੀਆਂ ਦੇ ਰਾਹ ਪੈ ਜਾਣਗੇ। ਅਧਿਆਪਕ ਆਗੂਆਂ ਨੇ ਸਮਾਜ ਦੇ ਵੱਖ ਵੱਖ ਤਬਕਿਆਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਵੱਲੋ ਇਸ ਤਰ੍ਹਾਂ ਲੋਕਤੰਤਰ ਦਾ ਘਾਣ ਕਰਕੇ ਮਨਮਰਜ਼ੀ ਦੀਆਂ ਨੀਤੀਆਂ ਥੋਪਣ ਦਾ ਵਰਤਾਰਾ ਸਮਾਜ ਦੇ ਹਰ ਵਰਗ ਲਈ ਨੁਕਸਾਨਦੇਹ ਹੋਵੇਗਾ। ਇਸ ਲਈ ਸਭਨੂੰ ਸਿਆਸਤ ਤੋਂ ਉੱਪਰ ਉੱਠ ਕੇ ਸੰਘਰਸ਼ੀ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਹਿੱਤਾਂ ਤੇ ਸਿਹਤ ਤੇ ਸਿੱਖਿਆ ਜਿਹੀਆਂ ਸੁਵਿਧਾਵਾਂ ਨੂੰ ਆਮ ਲੋਕਾਂ ਲਈ ਬਚਾਇਆ ਜਾ ਸਕੇ। ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਉਣ ਵਾਲੀ ਕੈਬਨਿਟ ਦੌਰਾਨ ਆਪਣੇ ਤਾਨਾਸ਼ਾਹੀ ਫ਼ੈਸਲਿਆਂ ਨੂੰ ਤੁਰੰਤ ਰੱਦ ਕਰਕੇ ਅਧਿਆਪਕਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਪੂਰੀਆਂ ਕਰੇ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਤੇ ਸਹੂਲਤਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨਾ ਸ਼ਾਮਲ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















