ਬਠਿੰਡਾ: ਹੱਥਾਂ ਵਿੱਚ ਕੈਪਟਨ ਦੀ ਚੋਣਾਂ ਤੋਂ ਪਹਿਲਾਂ ਵਾਲੀ ਫੋਟੋ ਤੇ ਕਾਗ਼ਜ਼ ਫੜੀ ਇਹ ਲੋਕ ਅੱਜ ਆਪਣੇ-ਆਪ ਨੂੰ ਹੀ ਕੋਸ ਰਹੇ ਹਨ। ਇਹ ਲੋਕ ਚਿੰਤਾ ਵਿੱਚ ਹਨ। ਚਿੰਤਾ ਹੈ ਇਨ੍ਹਾਂ ਦੇ ਘਰੋਂ ਬੇਘਰ ਹੋਣ ਦੀ ਮਤਲਬ ਕਿ ਇਨ੍ਹਾਂ ਦਾ ਘਰ ਟੁੱਟ ਜਾਣ ਦੀ। ਇਹ ਲੋਕ ਬਠਿੰਡਾ ਥਰਮਲ ਪਲਾਂਟ ਦੀਆਂ ਜੜਾਂ ਵਿੱਚ ਵੱਸਦੀ ਉੜੀਆ ਕਾਲੋਨੀ ਦੇ ਨਿਵਾਸੀ ਹਨ। ਇੱਥੇ ਤਕਰੀਬਨ ਤਿੰਨ ਸੌ ਤੋਂ ਸਾਢੇ ਤਿੰਨ ਸੌ ਪਰਿਵਾਰ ਰੋਜ਼ਾਨਾ ਮਿਹਨਤਾਨਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਥਰਮਲ ਬੰਦ ਹੋਣ ਦੇ ਫ਼ੈਸਲੇ ਤੋਂ ਬਾਅਦ ਹੀ ਇਨ੍ਹਾਂ ਪਰਵਾਸੀ ਪਰਿਵਾਰਾਂ ਨੂੰ ਆਪਣੇ ਘਰ ਢਹਿਣ ਦੀ ਚਿੰਤਾ ਸਤਾ ਰਹੀ ਹੈ।


ਦਰਅਸਲ ਇਹ ਲੋਕ ਥਰਮਲ ਦੀ ਜਗ੍ਹਾ ਉੱਪਰ ਹੀ ਵੱਸੇ ਹੋਏ ਹਨ। ਬਹੁਤ ਸਮਾਂ ਪਹਿਲਾਂ ਅੰਬੂਜਾ ਸੀਮਿੰਟ ਕੰਪਨੀ ਨੇ ਇਨ੍ਹਾਂ ਨੂੰ ਉਜਾੜ ਕੇ ਇੱਥੇ ਇਹ ਕਹਿ ਕੇ ਵਸਾਇਆ ਸੀ ਕਿ ਤੁਹਾਡਾ ਇਹ ਪੱਕਾ ਟਿਕਾਣਾ ਹੈ। ਹੁਣ ਇਨ੍ਹਾਂ ਦਾ ਭਵਿੱਖ ਖ਼ਤਰੇ ਵਿੱਚ ਨਜ਼ਰ ਆ ਰਿਹਾ ਹੈ। ਤਕਰੀਬਨ ਛੇ ਸੌ ਵੋਟਾਂ ਵਾਲੀ ਇਸ ਕਾਲੋਨੀ ਦੇ ਲੋਕਾਂ ਨੂੰ ਵਿਧਾਨ ਸਭਾ ਚੋਣ ਵੇਲੇ ਮਨਪ੍ਰੀਤ ਬਾਦਲ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਇੱਥੋਂ ਉਜਾੜਿਆ ਨਹੀਂ ਜਾਵੇਗਾ ਬਲਕਿ ਪੱਕੇ ਘਰ ਬਣਾ ਕੇ ਦਿੱਤੇ ਜਾਣਗੇ। ਸਰਕਾਰ ਵੱਲੋਂ ਆਏ ਇਸ ਅਚਾਨਕ ਫੈਸਲੇ ਮਗਰੋਂ ਪੂਰੀ ਦੀ ਪੂਰੀ ਕਾਲੋਨੀ ਦੇ ਲੋਕ ਸਹਿਮੇ ਹੋਏ ਹਨ।

ਇਨ੍ਹਾਂ ਵਿੱਚੋਂ ਕਾਫ਼ੀ ਲੋਕ ਥਰਮਲ ਪਲਾਂਟ ਵਿੱਚ ਕੰਮ ਵੀ ਕਰਦੇ ਹਨ। ਥਰਮਲ ਬੰਦ ਹੋਣ ਤੋਂ ਬਾਅਦ ਪਹਿਲਾਂ ਹੀ ਬੇਰੁਜ਼ਗਾਰੀ ਦੇ ਚੱਲਦਿਆਂ ਰੋਟੀ ਕਮਾਉਣ ਦੀ ਚਿੰਤਾ ਤੇ ਉੱਪਰੋਂ ਘਰ ਦਾ ਉੱਜੜ ਜਾਣਾ ਇਨ੍ਹਾਂ ਲਈ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ। ਪਹਿਲਾਂ ਹੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਇਹ ਲੋਕ ਸਕੂਲ ਤੱਕ ਨੂੰ ਤਰਸ ਰਹੇ ਹਨ। ਬੇਸ਼ੱਕ ਪ੍ਰਾਇਮਰੀ ਤੱਕ ਇੱਕ ਸਕੂਲ ਕਿਸੇ ਪ੍ਰਾਈਵੇਟ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਹੈ ਪਰ ਥਰਮਲ ਬੰਦ ਹੋਣ ਤੋਂ ਬਾਅਦ ਨਾ ਤਾਂ ਕਲੋਨੀ ਰਹੇਗੀ ਤੇ ਨਾ ਹੀ ਸਕੂਲ। ਇਸ ਕਰਕੇ ਇਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।