ਚੰਡੀਗੜ੍ਹ: ਦੇਸ਼ ਦੀ ਸਰਬਉੱਚ ਅਦਾਲਤ ਨੇ ਵੀ ਅਕਾਲੀ ਜਥੇਦਾਰ ਦੀ ਝੋਲੀ ਖ਼ੈਰ ਨਹੀਂ ਪਾਈ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਅਕਾਲੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਉਂ ਜ਼ਮਾਨਤ ਅਰਜ਼ੀ ਨੂੰ ਅੱਜ ਸੁਪਰੀਮ ਕੋਰਟ ਨੇ ਵੀ ਰੱਦ ਕਰ ਦਿੱਤਾ। ਅਦਾਲਤ ਨੇ ਉਨ੍ਹਾਂ ਨੂੰ ਹਫ਼ਤੇ ਦੇ ਅੰਦਰ-ਅੰਦਰ ਸਮਰਪਣ ਕਰਨ ਦੇ ਵੀ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ: ਕੋਲਿਆਂਵਾਲੀ ਨੂੰ ਹਾਈਕੋਰਟ ਵੱਲੋਂ ਝਟਕਾ

ਇਸ ਤੋਂ ਪਹਿਲਾਂ ਕੋਲਿਆਂਵਾਲੀ ਦੋ ਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਜਾ ਚੁੱਕੇ ਹਨ ਪਰ ਅਦਾਲਤ ਨੇ ਦੋਵੇਂ ਵਾਰ ਉਨ੍ਹਾਂ ਦੀ ਅਗਾਊਂ ਜ਼ਮਾਨਤ ਨੂੰ ਰੱਦ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਕੋਲਿਆਂਵਾਲੀ ’ਤੇ ਸਾਲ 2007 ਤੋ 2017 ਤਕ ਆਪਣੀ ਸਰਕਾਰੀ ਚੇਅਰਮੈਨੀ (ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ) 'ਤੇ ਰਹਿੰਦਿਆਂ ਰੁਤਬੇ ਦੀ ਦੁਰਵਰਤੋਂ ਕਰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲਾਏ ਹਨ। ਵਿਜੀਲੈਂਸ ਨੇ ਕੋਲਿਆਂਵਾਲੀ ’ਤੇ ਮੁਹਾਲੀ ਵਿੱਚ 30 ਜੂਨ, 2018 ਨੂੰ ਵਸੀਲਿਆਂ ਤੋਂ ਜ਼ਿਆਦਾ ਜਾਇਦਾਦ ਬਣਾਏ ਜਾਣ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ।

ਸਬੰਧਤ ਖ਼ਬਰ: ਕੋਲਿਆਂਵਾਲੀ ਦੇ ਘਰ ਵਿਜੀਲੈਂਸ ਦਾ ਛਾਪਾ

ਇਸ ਤੋਂ ਬਾਅਦ ਕੋਲਿਆਂਵਾਲੀ ਰੂਪੋਸ਼ ਹੋ ਗਏ ਸਨ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ 25 ਜੁਲਾਈ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ ਉਹ ਤਿੰਨ-ਚਾਰ ਵਾਰ ਵਿਜੀਲੈਂਸ ਅਧਿਕਾਰੀ ਭੁਪਿੰਦਰ ਸਿੰਘ ਸਿੱਧੂ ਕੋਲ ਤਫ਼ਤੀਸ਼ ਲਈ ਹਾਜ਼ਰਹੋਏ ਸਨ। ਇਸੇ ਮਹੀਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਕੋਲਿਆਂਵਾਲੀ ਦੇ ਬੰਦ ਪਏ ਘਰ ਵਿੱਚ ਵਿਜੀਲੈਂਸ ਨੇ ਛਾਪਾ ਵੀ ਮਾਰਿਆ ਸੀ। ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੋਲਿਆਂਵਾਲੀ 'ਤੇ ਗ੍ਰਿਫ਼ਤਾਰੀ ਦੇ ਬੱਦਲ ਮੰਡਰਾ ਰਹੇ ਹਨ।