Punjab News: ਸਿਹਤਮੰਦ ਪੰਜਾਬ ਲਈ ਸਮੁੱਚੇ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ : ਡਾ. ਬਲਬੀਰ ਸਿੰਘ
ਮੰਤਰੀ ਨੇ ਡਾਇਲਸਿਸ ਕਰਵਾ ਰਹੇ 18 ਸਾਲ ਅਤੇ 25 ਸਾਲ ਦੇ ਦੋ ਨੌਜੁਆਨਾਂ ਦੀ ਛੋਟੀ ਉਮਰ ’ਚ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਲਿਵਰ ਅਤੇ ਗੁਰਦਿਆਂ ਦੀ ਬਿਮਾਰੀ ਦੀ ਜੜ੍ਹ ਹਾਈ-ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਬਣਦੀ ਹੈ,
Punjab News: ਪੰਜਾਬ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿਹਤਮੰਦ ਪੰਜਾਬ ਦੀ ਕਾਇਮੀ ਲਈ ਸਮੁੱਚੇ ਸਿਹਤ ਸੇਵਾਵਾਂ ਢਾਂਚੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਰਾਜ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਆਪਣੇ ਬਲੱਡ ਸ਼ੂਗਰ ਤੇ ਬੀ ਪੀ ਦੀ ਨਿਰੰਤਰ ਜਾਂਚ ਕਰਵਾਉਣ ਅਤੇ ਇੱਕ ਘੰਟੇ ਦੀ ਸਰੀਰਕ ਕਸਰਤ ਦੀ ਅਪੀਲ ਕਰਦਿਆਂ ਆਪਣੀ ਜੀਵਨ-ਜਾਚ ’ਚ ਤਬਦੀਲੀ ਲਿਆਉਣ ਲਈ ਵੀ ਆਖਿਆ।
ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਵਿਖੇ ਧੰਨ ਮਾਤਾ ਗੁਜਰੀ ਜੀ ਚੈਰੀਟੇਬਲ ਟ੍ਰੱਸਟ, ਜਗਰਾਉਂ ਵੱਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਡਾਇਲਸਿਸ ਯੂਨਿਟ ਦੇ 10ਵੇਂ ਬੈਡ ਨੂੰ ਲੋਕ ਅਰਪਣ ਕਰਦਿਆਂ ਉਨ੍ਹਾਂ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੀ ਧਰਤੀ ਅਤੇ ਲੋਕਾਂ ਪ੍ਰਤੀ ਅਜਿਹੀਆਂ ਸੇਵਾਵਾਂ ਰਾਹੀਂ ਫ਼ਿਕਰਮੰਦ ਰਹਿਣ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਾਤਾ ਗੁਜਰੀ ਟ੍ਰੱਸਟ ਵੱਲੋਂ ਪੰਜਾਬ ’ਚ ਵੱਖ-ਵੱਖ ਥਾਂਈਂ ਸਰਕਾਰ ਨਾਲ ਮਿਲ ਕੇ ਦਿੱਤੀਆਂ ਜਾ ਰਹੀਆਂ ਸੇਵਾਵਾਂ ’ਚ ਨਿਰੰਤਰਤਾ ਲਈ ਸਿਹਤ ਵਿਭਾਗ ਵੱਲੋਂ ਨੋਡਲ ਅਫ਼ਸਰ ਵੀ ਲਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਉਨ੍ਹਾਂ ਨੇ ਇਸ ਡਾਇਲਸਿਸ ਯੂਨਿਟ ’ਚ ਇੱਕ ਦਿਨ ’ਚ ਦੋ ਸ਼ਿਫ਼ਟਾਂ ’ਚ 20 ਮਰੀਜ਼ਾਂ ਦੇ ਡਾਇਲਸਿਸ ਦੀ ਸਹੂਲਤ ਦਾ ਜਾਇਜ਼ਾ ਵੀ ਲਿਆ।
ਉਨ੍ਹਾਂ ਨੇ ਡਾਇਲਸਿਸ ਕਰਵਾ ਰਹੇ 18 ਸਾਲ ਅਤੇ 25 ਸਾਲ ਦੇ ਦੋ ਨੌਜੁਆਨਾਂ ਦੀ ਛੋਟੀ ਉਮਰ ’ਚ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਲਿਵਰ ਅਤੇ ਗੁਰਦਿਆਂ ਦੀ ਬਿਮਾਰੀ ਦੀ ਜੜ੍ਹ ਹਾਈ-ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਬਣਦੀ ਹੈ, ਜਿਸ ਲਈ ਆਮ ਲੋਕਾਂ ’ਚ ਅਜਿਹੇ ਯੂਨਿਟ ਚਲਾਉਣ ਦੇ ਨਾਲ-ਨਾਲ ਅਜਿਹੀਆਂ ਬਿਮਾਰੀਆਂ ਤੋਂ ਬਚਾਅ ਲਈ ਵੀ ਜਾਗਰੂਕਤਾ ਪੈਦਾ ਕਰਨ ’ਚ ਵੀ ਐਨ ਆਰ ਆਈ ਸੰਸਥਾਂਵਾਂ ਅੱਗੇ ਆਉਣ।
ਮਾਤਾ ਗੁਜਰੀ ਟ੍ਰੱਸਟ ਦੇ ਚੇਅਰਮੈਨ ਗੁਰਤਾਜ ਸਿੰਘ ਨੇ ਦੱਸਿਆ ਕਿ ਐਨ ਆਰ ਆਈਜ਼ ਦੀ ਪਹਿਲਕਦਮੀ ’ਤੇ ਇਸ ਮੌਕੇ ਜਗਰਾਉਂ, ਨਵਾਂਸ਼ਹਿਰ ਅਤੇ ਭੁਲੱਥ ਦੇ ਸਰਕਾਰੀ ਹਸਪਤਾਲਾਂ ’ਚ ਚਲਾਏ ਜਾ ਰਹੇ ਇਨ੍ਹਾਂ ਡਾਇਲਸਿਸ ਸੈਂਟਰਾਂ ’ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਲਾ ਯੂਨਿਟ ਲੁਧਿਆਣਾ ਦੇ ਸਰਕਾਰੀ ਹਸਪਤਾਲ ’ਚ ਲਾਇਆ ਵਜਾ ਰਿਹਾ ਹੈ। ਇਸ ਮੌਕੇ ਮੌਜੂਦ ਟ੍ਰੱਸਟ ਨਾਲ ਸਬੰਧਤ ਐਨ ਆਰ ਆਈਜ਼ ’ਚ ਕੁਲਵਰਨ ਸਿੰਘ ਸ਼ੇਰਗਿੱਲ ਸਿਆਟਲ, ਬਾਪੂ ਸਤਨਾਮ ਸਿੰਘ ਯੂ ਐਸ ਏ, ਬਾਪੂ ਮੋਹਣ ਸਿੰਘ ਯੂ ਐਸ ਏ, ਅਵਤਾਰ ਸਿੰਘ ਯੂ ਐਸ ਏ, ਨਰਿੰਦਰ ਸਿੰਘ ਸ਼ੇਰਗਿੱਲ ਕੈਨੇਡਾ, ਪਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਨਿਊਜ਼ੀਲੈਂਡ ਦੇ ਨਾਮ ਜ਼ਿਕਰਯੋਗ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ’ਚ ਸਮੁੱਚੇ ਸਿਹਤ ਢਾਂਚੇ ਨੂੰ ਦਰੁੱਸਤ ਕਰਨ, ਕਮੀਆਂ ਪੂਰੀਆਂ ਕਰਨ ਅਤੇ ਹੋਰ ਮੁਸ਼ਕਿਲਾਂ ਜਾਣਨ ਲਈ ਉਹ ਸੂਬੇ ਦੀਆਂ ਸਿਹਤ ਸੰਸਥਾਂਵਾਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਢਲੇ ਪੱਧਰ ’ਤੇ ਲੋਕਾਂ ਦੀ ਸਿਹਤ ਸੰਭਾਲ ਲਈ ਖੋਲ੍ਹੇ ਗਏ 504 ਆਮ ਆਦਮੀ ਕਲੀਨਿਕਾਂ ਤੋਂ ਲੋਕਾਂ ਨੂੰ ਵੱਡਾ ਲਾਭ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਦੇ ਹਸਪਤਾਲਾਂ ’ਚ ਐਮਰਜੈਂਸੀ ਤੇ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਪੂਰੀ ਕਰ ਦਿੱਤੀ ਜਾਵੇਗੀ।