Punjab News: ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀਆਂ ਦਾ ਚੁਣ-ਚੁਣ ਕੇ ਕੀਤਾ ਜਾ ਰਿਹਾ ਕਤਲ, ਅੱਜ ਤੱਕ ਨਹੀਂ ਖੁੱਲ੍ਹਿਆ ਰਾਜ?
ਗ੍ਰਹਿ ਮੰਤਰਾਲੇ ਨੇ ਕਿਹਾ ਸੀ- “ਖਾਲਿਸਤਾਨ ਟਾਈਗਰ ਫੋਰਸ ਇੱਕ ਕੱਟੜਪੰਥੀ ਸੰਗਠਨ ਹੈ ਜਿਸ ਦਾ ਮਕਸਦ ਪੰਜਾਬ ਵਿੱਚ ਮੁੜ ਅੱਤਵਾਦ ਫੈਲਾਉਣਾ ਹੈ। ਪੰਜਾਬ ਵਿੱਚ ਟਾਰਗੇਟ ਕਿਲਿੰਗ ਦੇ ਪਿੱਛੇ ਵੀ ਇਸ ਜਥੇਬੰਦੀ ਦਾ ਹੱਥ ਹੈ।
Punjab News: ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਪੱਖੀ ਸੰਗਠਨਾਂ ਦੇ ਲੀਡਰਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਹੈ। ਅੱਜ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪਿਛਲੇ ਥੋੜ੍ਹੇ ਸਮੇਂ ਦੌਰਾਨ ਹੀ ਕਈ ਵੱਡੇ ਖਾਲਿਸਤਾਨੀ ਲੀਡਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਕਤਲ ਕਿਸ ਨੇ ਕੀਤੇ ਤੇ ਕਿਸ ਨੇ ਕਰਵਾਏ ਇਸ ਬਾਰੇ ਅਜੇ ਤੱਕ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ।
ਦੱਸ ਦਈਏ ਕਿ 28 ਜਨਵਰੀ 2020 ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਮੁਖੀ ਹਰਮੀਤ ਸਿੰਘ ਉਰਫ ਹੈਪੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਗਰੋਂ 20 ਦਸੰਬਰ 2022 ਨੂੰ ਖਾਲਿਸਤਾਨੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਉਸ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਗਿਆ ਸੀ ਪਰ ਇਸ ਦੀ ਸੱਚਾਈ ਅਜੇ ਤੱਕ ਸਾਹਮਣੇ ਨਹੀਂ ਆਈ।
ਇਸ ਮਗਰੋਂ 6 ਮਈ ਨੂੰ ਪਾਕਿਸਤਾਨ 'ਚ ਹੀ ਖਾਲਿਸਤਾਨ ਸਮਰਥਕ ਪਰਮਜੀਤ ਪੰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ ਇਸ ਮਹੀਨੇ 15 ਜੂਨ ਨੂੰ ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਸ ਨੂੰ ਪਹਿਲੀ ਸਟੇਜ ਦਾ ਬਲੱਡ ਕੈਂਸਰ ਸੀ। ਇਸ ਦੌਰਾਨ ਉਨ੍ਹਾਂ ਨੂੰ ਜ਼ਹਿਰ ਦੇਣ ਦੀਆਂ ਗੱਲਾਂ ਵੀ ਚੱਲ ਰਹੀਆਂ ਸਨ।
ਇਸੇ ਤਰ੍ਹਾਂ ਅੱਜ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਨਿੱਝਰ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦਾ ਮੁਖੀ ਸੀ। ਉਹ ਕੈਨੇਡਾ ਵਿੱਚ ਰਹਿੰਦਿਆਂ ਲੰਮੇ ਸਮੇਂ ਤੋਂ ਪੰਜਾਬ ਵਿੱਚ ਖਾਲਿਸਤਾਨੀ ਲਹਿਰ ਨੂੰ ਉਭਾਰ ਰਿਹਾ ਸੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਨੇੜੇ ਨਿੱਝਰ ਨੂੰ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ। ਨਿੱਝਰ ਇਸ ਗੁਰਦੁਆਰੇ ਦਾ ਮੁਖੀ ਵੀ ਸੀ।
ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਕੈਨੇਡਾ ਵਿੱਚ ਬੈਠ ਕੇ ਇਸ ਸੰਗਠਨ ਨੂੰ ਚਲਾ ਰਿਹਾ ਸੀ। ਸਤੰਬਰ 2020 ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਦੀਪ ਸਿੰਘ ਨਿੱਝਰ ਨੂੰ ਅੱਤਵਾਦੀ ਐਲਾਨਿਆ ਸੀ। ਇਸ ਤੋਂ ਬਾਅਦ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਵਿੱਚ ਨਿੱਝਰ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਗਈਆਂ ਸੀ। NIA ਨੇ ਨਿੱਝਰ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।
ਕੇਂਦਰੀ ਗ੍ਰਹਿ ਮੰਤਰਾਲੇ ਨੇ 4 ਮਹੀਨੇ ਪਹਿਲਾਂ ਨਿੱਝਰ ਦੇ ਸੰਗਠਨ ਕੇਟੀਐਫ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ। ਗ੍ਰਹਿ ਮੰਤਰਾਲੇ ਨੇ ਕਿਹਾ ਸੀ- “ਖਾਲਿਸਤਾਨ ਟਾਈਗਰ ਫੋਰਸ ਇੱਕ ਕੱਟੜਪੰਥੀ ਸੰਗਠਨ ਹੈ ਜਿਸ ਦਾ ਮਕਸਦ ਪੰਜਾਬ ਵਿੱਚ ਮੁੜ ਅੱਤਵਾਦ ਫੈਲਾਉਣਾ ਹੈ। ਪੰਜਾਬ ਵਿੱਚ ਟਾਰਗੇਟ ਕਿਲਿੰਗ ਦੇ ਪਿੱਛੇ ਵੀ ਇਸ ਜਥੇਬੰਦੀ ਦਾ ਹੱਥ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਸੀ ਕਿ ਇਹ ਸੰਗਠਨ ਭਾਰਤ ਦੀ ਖੇਤਰੀ ਅਖੰਡਤਾ, ਏਕਤਾ, ਰਾਸ਼ਟਰੀ ਸੁਰੱਖਿਆ ਤੇ ਪ੍ਰਭੂਸੱਤਾ ਨੂੰ ਚੁਣੌਤੀ ਦਿੰਦਾ ਹੈ।