ਥਾਣੇਦਾਰ ਹੀ ਕਰਵਾ ਰਿਹਾ ਨਾਜਾਇਜ਼ ਮਾਇਨਿੰਗ! ਪੁਲਿਸ ਨੇ ਕੀਤਾ ਲਾਈਨ ਹਾਜ਼ਰ, ਸਸਪੈਂਡ ਕਰਨ ਲਈ ਲਿਖਿਆ
ਵਿਧਾਨ ਸਭਾ ਹਲਕਾ ਪਿੰਡ ਕੁਹਾਲਾ ਥਾਣਾ ਮੱਲਾਂਵਾਲਾ ਵਿੱਚ ਚੱਲ ਰਹੀ ਨਾਜ਼ਾਇਜ ਮਾਈਨਿੰਗ ਨੂੰ ਲੈ ਕੇ ਥਾਣਾ ਮੁਖੀ ਐਸਐਚਓ ਜਸਵਿੰਦਰ ਬਰਾੜ ਤੇ ਹੋਰ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਫਿਰੋਜ਼ਪੁਰ: ਸੂਬੇ ਭਰ ਵਿੱਚ ਨਾਜਾਇਜ਼ ਮਾਇਨਿੰਗ ਨੂੰ ਲੈ ਕੇ ਸਰਕਾਰ ਕਾਫੀ ਸਖਤ ਨਜ਼ਰ ਆ ਰਹੀ ਹੈ। ਇਸ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਤੇ ਮਾਈਨਿੰਗ ਵਿਭਾਗ ਵੱਲੋਂ ਮਿਲ ਕੇ ਜੁਆਇੰਟ ਅਪ੍ਰੇਸ਼ਨ ਕੀਤਾ ਜਾ ਰਿਹਾ ਹੈ। ਇਸ ਤਹਿਤ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਤਹਿਤ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਇਸੇ ਤਹਿਤ ਵਿਧਾਨ ਸਭਾ ਹਲਕਾ ਪਿੰਡ ਕੁਹਾਲਾ ਥਾਣਾ ਮੱਲਾਂਵਾਲਾ ਵਿੱਚ ਚੱਲ ਰਹੀ ਨਾਜ਼ਾਇਜ ਮਾਈਨਿੰਗ ਨੂੰ ਲੈ ਕੇ ਥਾਣਾ ਮੁਖੀ ਐਸਐਚਓ ਜਸਵਿੰਦਰ ਬਰਾੜ ਤੇ ਹੋਰ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਭ ਦੀ ਜਾਣਕਾਰੀ ਡੀਐਸਪੀ ਪਲਵਿੰਦਰ ਸਿੰਘ ਸੰਧੂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਥਾਣੇ ਦਾ ਮੁਖੀ ਹੀ ਜੇ ਮਾਈਨਿੰਗ ਵਾਲਿਆਂ ਨਾਲ ਰਲ ਕੇ ਕੰਮ ਕਰੇਗਾ ਤਾਂ ਇਸ ਉੱਪਰ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸੀਆਈਏ ਇੰਚਾਰਜ ਜਤਿੰਦਰ ਸਿੰਘ ਇੰਸਪੈਕਟਰ ਵੱਲੋਂ ਪਿੰਡ ਕੁਹਾਲਾ ਵਿੱਚ ਤਿੰਨ ਟਿੱਪਰ ਤੇ ਇੱਕ ਪੋਪਲਾਈਨ ਮੌਕੇ ਤੋਂ ਕਾਬੂ ਕੀਤੀ ਗਈ ਜਿਥੇ ਨਜਾਇਜ਼ ਮਾਇਨਿੰਗ ਚੱਲ ਰਹੀ ਸੀ। ਇਸੇ ਦੇ ਤਹਿਤ ਥਾਣਾ ਮੁਖੀ ਐਸਐਚਓ ਜਸਮਿੰਦਰ ਸਿੰਘ ਬਰਾੜ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਤੇ ਅਧਿਕਾਰੀਆਂ ਕੋਲੋਂ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਗਈ ਹੈ।