Punjab News: ਸੂਬੇ ਵਿੱਚ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਪਰਾਲੀ ਸਾੜਨ ਦੇ ਮਾਮਲਿਆਂ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ। ਸੂਬੇ 'ਚ 2060 ਥਾਵਾਂ 'ਤੇ ਪਰਾਲੀ ਸਾੜੀ ਗਈ ਜਦਕਿ ਸਾਲ 2022 'ਚ ਇਸ ਦਿਨ ਹੀ ਪਰਾਲੀ ਸਾੜਨ ਦੇ 599 ਮਾਮਲੇ ਸਾਹਮਣੇ ਆਏ ਸਨ। ਇਸ ਨਾਲ ਮੌਜੂਦਾ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 19463 ਹੋ ਗਈ ਹੈ। ਦੂਜੇ ਪਾਸੇ ਸੋਮਵਾਰ ਨੂੰ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਮਾੜੀ ਸ਼੍ਰੇਣੀ ਵਿੱਚ ਰਿਹਾ।



ਸਰਕਾਰ ਦੇ ਦਾਅਵਿਆਂ ਦੇ ਉਲਟ ਸੋਮਵਾਰ ਨੂੰ ਪੰਜਾਬ ਵਿੱਚ ਜ਼ਿਆਦਾ ਪਰਾਲੀ ਸਾੜੀ ਗਈ ਅਤੇ 2060 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 509 ਮਾਮਲੇ ਸੰਗਰੂਰ ਤੋਂ ਸਾਹਮਣੇ ਆਏ ਹਨ, ਜਦੋਂ ਕਿ 195 ਮਾਨਸਾ, 110 ਮੋਗਾ, 122 ਫਰੀਦਕੋਟ, 146 ਫ਼ਿਰੋਜ਼ਪੁਰ, 210 ਬਠਿੰਡਾ, 189 ਬਰਨਾਲਾ, 70 ਜਲੰਧਰ, 61 ਕਪੂਰਥਲਾ, 89 ਲੁਧਿਆਣਾ, 77 ਮੁਕਤਸਰ, 89 ਪਟਿਆਲਾ ਅਤੇ 47 ਮਾਮਲੇ ਤਰਨਤਾਰਨ ਤੋਂ ਸਾਹਮਣੇ ਆਏ ਹਨ। 


ਅੰਮ੍ਰਿਤਸਰ ਦੀ ਹਵਾ ਹੋਈ ਬੇਹੱਦ ਖ਼ਰਾਬ


ਸੋਮਵਾਰ ਨੂੰ ਅੰਮ੍ਰਿਤਸਰ ਦਾ AQI ਪੱਧਰ 'ਬਹੁਤ ਮਾੜੀ' ਸ਼੍ਰੇਣੀ 316 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਬਠਿੰਡਾ 'ਚ 288, ਜਲੰਧਰ 'ਚ 222, ਖੰਨਾ 'ਚ 225, ਲੁਧਿਆਣਾ 'ਚ 282, ਮੰਡੀ ਗੋਬਿੰਦਗੜ੍ਹ 'ਚ 256 ਅਤੇ ਪਟਿਆਲਾ 'ਚ 219 ਮਾਮਲੇ ਸਾਹਮਣੇ ਆਏ ਹਨ।


 


ਸਿਹਤ ਮਹਿਕਮੇ ਨੇ ਐੱਨ-95 ਮਾਸਕ ਵਰਤਣ ਦੀ ਸਲਾਹ


 


 ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਸੂਬੇ ਦੀ ਹਵਾ ਇੰਨੀ ਖਰਾਬ ਹੋ ਗਈ ਹੈ ਕਿ ਸਿਹਤ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਫੇਸ ਮਾਸਕ ਪਹਿਨਣ ਤੇ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ। 



ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਸੂਰਜ ਚੜ੍ਹਨ ਤੋਂ ਬਾਅਦ ਹੀ ਸਵੇਰ ਦੀ ਸੈਰ ਕਰਨ ਲਈ ਕਿਹਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਵੇਰ ਵੇਲੇ ਨਮੀ ਦਾ ਵਧਦਾ ਪੱਧਰ ਧੂੰਏਂ ਦੇ ਜ਼ਹਿਰੀਲੇ ਕਣਾਂ ਨੂੰ ਜਜ਼ਬ ਕਰ ਲੈਂਦਾ ਹੈ ਤੇ ਇਹ ਹਵਾ ਲੋਕਾਂ ਦੇ ਫੇਫੜਿਆਂ ਲਈ ਬੇਹੱਦ ਖ਼ਤਰਨਾਕ ਹੈ। 



ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ਼ ਲੋੜ ਪੈਣ 'ਤੇ ਹੀ ਘਰਾਂ ਤੋਂ ਬਾਹਰ ਨਿਕਲਣ ਤਾਂ ਜੋ ਹਵਾ ਦੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਬਜ਼ੁਰਗਾਂ, ਦਮੇ ਤੇ ਦਿਲ ਦੇ ਰੋਗੀਆਂ ਤੇ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਐੱਨ-95 ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। 



ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਨੇ ਦੱਸਿਆ ਕਿ ਇਸ ਨਾਲ ਖੰਘ, ਸਾਹ ਚੜ੍ਹਨਾ, ਨੱਕ ਵਿੱਚ ਪਾਣੀ ਆਉਣਾ, ਅੱਖਾਂ ਵਿੱਚ ਖੁਜਲੀ ਜਾਂ ਜਲਨ ਤੇ ਸਿਰ ਵਿੱਚ ਭਾਰੀਪਣ ਵਰਗੇ ਲੱਛਣ ਹੁੰਦੇ ਹਨ। 


ਉਧਰ, ਸਿਹਤ ਵਿਭਾਗ ਦੇ ਬੁਲਾਰੇ ਨੇ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਸ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਉਨ੍ਹਾਂ ਦੇ ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਸਿੱਧ ਹੋ ਰਿਹਾ ਹੈ।