Students Registration Update: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸਕੂਲਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਬੋਰਡ ਨੇ 28 ਤੱਕ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਦਸਤਾਵੇਜ਼ ਜਮ੍ਹਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਦਸਤਾਵੇਜ਼ ਜਮ੍ਹਾ ਕਰਨ ਵਿੱਚ ਦੇਰੀ ਮਗਰੋਂ ਜੁਰਮਾਨਾ ਲਾਇਆ ਜਾਵੇਗਾ।
ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਤੇ ਸਖਤੀ ਕੀਤੀ ਹੈ ਜਿਨ੍ਹਾਂ ਨੇ ਸੈਸ਼ਨ 2023-24 ਲਈ 9ਵੀਂ ਤੇ 11ਵੀਂ ਜਮਾਤ ਵਿੱਚ ਬਾਹਰਲੇ ਰਾਜਾਂ ਜਾਂ ਹੋਰ ਬੋਰਡਾਂ ਤੋਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕੀਤੀ। ਜਾਂਚ ਦੌਰਾਨ ਕੁਝ ਸਕੂਲਾਂ ਦੇ ਦਸਤਾਵੇਜ਼ ਵੀ ਅਧੂਰੇ ਪਾਏ ਗਏ। ਇਸ ਮਗਰੋਂ ਬੋਰਡ ਨੇ ਸਖਤੀ ਵਿਖਾਈ ਹੈ।
ਤਾਜ਼ਾ ਹੁਕਮਾਂ ਮੁਤਾਬਕ ਹੁਣ ਸਕੂਲਾਂ ਨੂੰ ਸਾਰੀ ਪ੍ਰਕਿਰਿਆ ਪੂਰੀ ਕਰਕੇ 28 ਮਾਰਚ ਤੱਕ ਬੋਰਡ ਹੈੱਡਕੁਆਰਟਰ ਕੋਲ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਹ ਪ੍ਰਕਿਰਿਆ ਪੂਰੀ ਨਾ ਹੋਈ ਤਾਂ ਵਿਦਿਆਰਥੀਆਂ ਨੂੰ ਨਤੀਜੇ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦਾ ਨਤੀਜਾ ਰੋਕਿਆ ਜਾਵੇਗਾ।
ਦੱਸ ਦਈਏ ਕਿ ਰਾਜ ਦੇ ਕਈ ਸਕੂਲਾਂ ਵਿੱਚ 9ਵੀਂ ਤੇ 11ਵੀਂ ਜਮਾਤਾਂ ਵਿੱਚ ਬਾਹਰਲੇ ਰਾਜਾਂ ਜਾਂ ਹੋਰ ਬੋਰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਹੈ ਪਰ ਬੋਰਡ ਦੇ ਧਿਆਨ ਵਿੱਚ ਆਇਆ ਹੈ ਕਿ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸਬੰਧੀ ਦਸਤਾਵੇਜ਼ ਪੂਰੇ ਨਹੀਂ ਹਨ। ਸਕੂਲਾਂ ਦੀ ਤਰਫੋਂ ਆਨਲਾਈਨ ਦਸਤਾਵੇਜ਼ ਭਰਨ ਸਮੇਂ ਕਈ ਖਾਮੀਆਂ ਨਜ਼ਰ ਆਈਆਂ ਹਨ।
ਅਜਿਹੇ 'ਚ ਬੋਰਡ ਨੇ ਅਜਿਹੇ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਨੰਬਰ ਜਾਰੀ ਕਰਨ ਦੀ ਬਜਾਏ ਐਰਰ ਲਾ ਦਿੱਤਾ ਹੈ। ਸਕੂਲ ਇ ਸਨੂੰ ਆਪਣੀ ਲੌਗਇਨ ਆਈਡੀ 'ਤੇ ਦੇਖ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਅਗਲੀ ਕਾਰਵਾਈ ਕਰਨੀ ਪਵੇਗੀ।
ਬੋਰਡ ਅਨੁਸਾਰ, ਹੁਣ ਸਕੂਲਾਂ ਨੂੰ 28 ਮਾਰਚ ਤੱਕ ਬੋਰਡ ਹੈੱਡਕੁਆਰਟਰ ਕੋਲ ਸਾਰੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ। ਜੇਕਰ ਇਸ ਤੋਂ ਬਾਅਦ ਦੇਰੀ ਹੁੰਦੀ ਹੈ ਤਾਂ 30 ਅਪ੍ਰੈਲ ਤੱਕ ਪ੍ਰਤੀ ਵਿਦਿਆਰਥੀ 500 ਰੁਪਏ ਲੇਟ ਫੀਸ ਵਸੂਲੀ ਜਾਵੇਗੀ। ਇਸ ਤੋਂ ਬਾਅਦ 1,000 ਰੁਪਏ ਲੇਟ ਫੀਸ ਲਈ ਜਾਵੇਗੀ। ਜਿਹੜੇ ਵਿਦਿਆਰਥੀ ਸਾਲ 2023-24 ਲਈ ਰਜਿਸਟ੍ਰੇਸ਼ਨ ਸਬੰਧੀ ਗਲਤੀਆਂ ਹਨ, ਉਨ੍ਹਾਂ ਦਾ ਨਤੀਜਾ ਘੋਸ਼ਿਤ ਨਹੀਂ ਕੀਤਾ ਜਾਵੇਗਾ।