(Source: ECI/ABP News)
Punjab News: ਪੰਜਾਬ ਸਰਕਾਰ ਲੋਕ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀਆਂ ਬਰੂਹਾਂ ’ਤੇ ਜਾ ਕੇ ਕਰਨ ਲਈ ਵਚਨਬੱਧ : ਵਿਧਾਇਕ ਬੁੱਧ ਰਾਮ
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਵਿਖੇ ਇਸ ਤਰ੍ਹਾਂ ਦੇ ਲੋਕ ਮਿਲਣੀ ਕੈਂਪ ਹਰ ਪਿੰਡ ’ਚ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਕੰਮ ਕਰਵਾਉਣ ਵਿਚ ਕਿਸੇ ਪ੍ਰਕਾਰ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
![Punjab News: ਪੰਜਾਬ ਸਰਕਾਰ ਲੋਕ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀਆਂ ਬਰੂਹਾਂ ’ਤੇ ਜਾ ਕੇ ਕਰਨ ਲਈ ਵਚਨਬੱਧ : ਵਿਧਾਇਕ ਬੁੱਧ ਰਾਮ The Punjab government is committed to solving peoples problems Punjab News: ਪੰਜਾਬ ਸਰਕਾਰ ਲੋਕ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀਆਂ ਬਰੂਹਾਂ ’ਤੇ ਜਾ ਕੇ ਕਰਨ ਲਈ ਵਚਨਬੱਧ : ਵਿਧਾਇਕ ਬੁੱਧ ਰਾਮ](https://feeds.abplive.com/onecms/images/uploaded-images/2023/03/13/658d67b5e77ebdd8179a635bc72134fc1678716450801674_original.jpeg?impolicy=abp_cdn&imwidth=1200&height=675)
Mansa: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ‘ਜਨ ਸੁਣਵਾਈ ਕੈਂਪਾਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਡੇਰਾ ਬਾਬਾ ਥੰਮਨ ਸਿੰਘ ਪਿੰਡ ਬੱਛੋਆਣਾ ਵਿਖੇ ਵਿਧਾਇਕ ਹਲਕਾ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ ਅਤੇ ਐਸ.ਡੀ.ਐਮ. ਬੁਢਲਾਡਾ ਪ੍ਰਮੋਦ ਸਿੰਗਲਾ ਵੱਲੋਂ ‘ਜਨ ਸੁਣਵਾਈ ਕੈਂਪ’ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।
ਵਿਧਾਇਕ ਸ੍ਰੀ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਲੋਕਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ਦੀਆਂ ਬਰੂਹਾਂ ’ਤੇ ਜਾ ਕੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਹੁਣ ਲੋਕਾਂ ਨੂੰ ਦਫਤਰਾਂ ’ਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਸਗੋਂ ਅਧਿਕਾਰੀ ਪਿੰਡਾਂ ’ਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਵਿਖੇ ਇਸ ਤਰ੍ਹਾਂ ਦੇ ਲੋਕ ਮਿਲਣੀ ਕੈਂਪ ਹਰ ਪਿੰਡ ’ਚ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਕੰਮ ਕਰਵਾਉਣ ਵਿਚ ਕਿਸੇ ਪ੍ਰਕਾਰ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਅਗਲਾ ‘ਜਨ ਸੁਣਵਾਈ ਕੈਂਪ’ ਪਿੰਡ ਕੁਲਾਣਾ ਵਿਖੇ 27 ਮਾਰਚ, 2023 ਦਿਨ ਸੋਮਵਾਰ ਨੂੰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੰਨ੍ਹਾਂ ਕੈਂਪਾਂ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਕੇ ਲਾਹਾ ਲਿਆ ਜਾਵੇ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਬੱਛੋਆਣਾ ਵਿਖੇ ਲਗਾਏ ਗਏ ਕੈਂਪ ਦੌਰਾਨ ਬੱਛੋਆਣਾ ਸਮੇਤ ਨੇੜਲੇ ਪਿੰਡਾਂ ਬੀਰੋਕੇ ਖ਼ੁਰਦ, ਦੋਦੜਾ, ਭਾਦੜਾ, ਰੱਲੀ, ਚੱਕ ਭਾਈ ਕੇ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਪੇਸ਼ ਕੀਤੀਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵੱਖ ਵੱਖ ਮਸਲਿਆਂ ਸਬੰਧੀ 135 ਦਰਖ਼ਾਸਤਾਂ ਪ੍ਰਾਪਤ ਹੋਈਆਂ ਹਨ ਜਿੰਨ੍ਹਾਂ ਵਿਚੋਂ ਅੱਧੀਆਂ ਤੋਂ ਵੱਧ ਦਰਖ਼ਾਸਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਹੈ ਅਤੇ ਬਾਕੀ ਦਰਖ਼ਾਸਤਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਸਮਾਂਬੱਧ ਨਿਪਟਾਰੇ ਲਈ ਭੇਜ ਦਿੱਤੀਆਂ ਗਈਆਂ ਹਨ।
ਐਸ.ਡੀ.ਐਮ. ਬੁਢਲਾਡਾ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ‘ਜਨ ਸੁਣਵਾਈ ਕੈਂਪ’ ਲੋਕ ਹਿੱਤ ਵਿਚ ਬਹੁਤ ਵਧੀਆ ਉਪਰਾਲਾ ਹੈ ਜਿਸ ਦਾ ਫਾਇਦਾ ਉਠਾਉਂਦਿਆਂ ਲੋਕਾਂ ਨੂੰ ਵੱਧ ਵੱਧ ਇਨ੍ਹਾਂ ਕੈਂਪਾਂ ਵਿਚ ਭਾਗ ਲੈ ਕੇ ਆਪਣੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਅਤੇ ਹੋਰ ਸਮੱਸਿਆਵਾਂ ਦਾ ਹੱਲ ਕਰਵਾਉਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਇਸ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਲੋਕਾਂ ਦੀਆਂ ਦਰਖ਼ਾਸਤਾਂ ਦਾ ਸਮਾਂਬੱਧ ਨਿਪਟਾਰਾ ਕਰਨਾ ਯਕੀਨੀ ਬਣਾਉਣ ਦੇ ਨਾਲ ਨਾਲ ਸਬੰਧਤ ਵਿਅਕਤੀ ਨੂੰ ਉਸਦੀ ਦਰਖ਼ਾਸਤ ਬਾਰੇ ਸੂਚਿਤ ਵੀ ਕਰ ਦਿੱਤਾ ਜਾਵੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)