ਚੰਡੀਗੜ੍ਹ: ਖੇਤੀ ਨਾਲ ਸਬੰਧਤ ਤਿੰਨ ਆਰਡੀਨੈਂਸ ਪਾਸ ਹੁੰਦਿਆਂ ਹੀ ਪੰਜਾਬ ਵਿੱਚ ਉਨ੍ਹਾਂ ਦਾ ਵਿਰੋਧ ਜੂਨ ਮਹੀਨੇ ਤੋਂ ਹੀ ਸ਼ੁਰੂ ਹੋ ਗਿਆ ਸੀ। ਸਤੰਬਰ ’ਚ ਜਦੋਂ ਇਨ੍ਹਾਂ ਆਰਡੀਨੈਂਸਾਂ ਨੂੰ ਬਿੱਲ ਬਣਾ ਕੇ ਸੰਸਦ ਵਿੱਚ ਪਾਸ ਕੀਤਾ ਗਿਆ ਤੇ ਕਾਨੂੰਨ ਦੀ ਸ਼ਕਲ ਦਿੱਤੀ ਗਈ, ਤਦ ਤੱਕ ਪੰਜਾਬ ਵਿੱਚ ਅੰਦੋਲਨ ਸੜਕਾਂ ਤੇ ਰੇਲ ਦੀਆਂ ਪਟੜੀਆਂ ਉੱਤੇ ਗਿਆ ਸੀ। ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਨੇ ਇੱਕ ਬੈਨਰ ਹੇਠ ਇੱਕਜੁਟ ਹੋ ਕੇ ਇਨ੍ਹਾਂ ਕਾਨੂੰਨਾਂ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੱਤਾ। ਇਨ੍ਹਾਂ ਸੰਗਠਨਾਂ ਦੇ ਆਗੂਆਂ ਦੀ ਅਗਵਾਈ ਹੇਠ ਹੀ ਪੰਜਾਬ ਦੇ ਲੱਖਾਂ ਕਿਸਾਨ ਇਸ ਵੇਲੇ ਦਿੱਲੀ ਬਾਰਡਰ ਉੱਤੇ ਧਰਨਾ ਦੇ ਰਹੇ ਹਨ। ਆਓ ਥੋੜ੍ਹਾ ਇਨ੍ਹਾਂ ਕੁਝ ਆਗੂਆਂ ਬਾਰੇ ਵੀ ਕੁਝ ਜਾਣ ਲਈਏ:
ਡਾ. ਦਰਸ਼ਨਪਾਲ ਸਿੰਘ, ਪ੍ਰਧਾਨ ‘ਕ੍ਰਾਂਤੀਕਾਰੀ ਕਿਸਾਨ ਯੂਨੀਅਨ’
68 ਸਾਲਾ ਦਰਸ਼ਨਪਾਲ ਪਟਿਆਲਾ ਦੇ ਪਿੰਡ ਰਣਬੀਰਪੁਰਾ ਦੇ ਜੰਮਪਲ ਹਨ ਤੇ ਸਾਂਝੇ ਕਿਸਾਨ ਮੋਰਚੇ ਦੇ ਕੋਆਰਡੀਨੇਟਰ ਹਨ। ਉਹ ਐਮਬੀਬੀਐਸ ਤੇ ਐਮਡੀ ਹਨ। 20 ਸਾਲ ਪੰਜਾਬ ਦੇ ਸਿਹਤ ਵਿਭਾਗ ’ਚ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ 2003 ’ਚ ਵਲੰਟਰੀ ਰਿਟਾਇਰਮੈਂਟ ਲੈ ਕੇ 15 ਏਕੜ ਜ਼ਮੀਨ ਉੱਤੇ ਖੇਤੀਬਾੜੀ ਸ਼ੁਰੂ ਕਰ ਦਿੱਤੀ ਸੀ। ਉਹ ਤਦ ਤੋਂ ਕਿਸਾਨਾਂ ਨਾਲ ਹੀ ਸਰਗਰਮ ਹਨ। 2016 ’ਚ ਉਨ੍ਹਾਂ ‘ਕ੍ਰਾਂਤੀਕਾਰੀ ਕਿਸਾਨ ਯੂਨੀਅਨ’ ਬਣਾਈ ਸੀ।
ਜੋਗਿੰਦਰ ਸਿੰਘ ਉਗਰਾਹਾਂ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ)
75 ਸਾਲਾ ਜੋਗਿੰਦਰ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਗਰਾਹਾਂ ਦੇ ਜੰਮਪਲ ਹਨ। ਉਨ੍ਹਾਂ ਦੀ ਕਿਸਾਨ ਯੂਨੀਅਨ ਸਭ ਤੋਂ ਵੱਡੀ ਜਥੇਬੰਦੀ ਮੰਨੀ ਜਾਂਦੀ ਹੈ। ਉਹ 1982 ਤੋਂ ਕਿਸਾਨ ਜਥੇਬੰਦੀਆਂ ਨਾਲ ਕੰਮ ਕਰ ਰਹੇ ਹਨ ਤੇ ਉਹ ਚਾਰ ਸਾਲ ਫ਼ੌਜ ’ਚ ਵੀ ਰਹੇ ਹਨ। ਪਹਿਲਾਂ ਉਹ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨਾਲ ਜੁੜੇ ਰਹੇ ਸਨ। ਉਹ ਖ਼ੁਦ ਇੱਕ ਛੋਟੇ ਕਿਸਾਨ ਹਨ। ਉਨ੍ਹਾਂ ਦੀ ਜਥੇਬੰਦੀ 30 ਸੰਗਠਨਾਂ ਦੇ ਮੋਰਚੇ ਵਿੱਚ ਸ਼ਾਮਲ ਨਹੀਂ ਪਰ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਇਸ ਮੋਰਚੇ ਨਾਲ ਪੂਰਾ ਤਾਲਮੇਲ ਰੱਖ ਰਹੇ ਹਨ।
ਬਲਬੀਰ ਸਿੰਘ ਰਾਜੇਵਾਲ, ਪ੍ਰਧਾਨ- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ)
78 ਸਾਲਾ ਬਲਬੀਰ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੇ ਜੰਮਪਲ ਹਨ। ਉਹ 1971 ਤੋਂ ਕਿਸਾਨ ਜਥੇਬੰਦੀਆਂ ਨਾਲ ਕੰਮ ਕਰ ਰਹੇ ਹਨ। ਉਹ ਡਾਕ ਤੇ ਤਾਰ ਵਿਭਾਗ ’ਚ ਕੰਮ ਕਰਦੇ ਰਹੇ ਪਰ ਚਾਰ ਸਾਲਾਂ ਬਾਅਦ ਉਨ੍ਹਾਂ ਨੂੰ ਨੌਕਰੀ ਛੱਡਣੀ ਪਈ ਸੀ। ਉਨ੍ਹਾਂ ਆਪਣੀ ਯੂਨੀਅਨ ਦੀ ਸਥਾਪਨਾ 1992 ’ਚ ਕੀਤੀ ਸੀ।
ਜਗਜੀਤ ਸਿੰਘ ਡੱਲੇਵਾਲ, ਪ੍ਰਧਾਨ- ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ)
62 ਸਾਲਾ ਜਗਜੀਤ ਸਿੰਘ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਤੋਂ ਹਨ। ਉਗਰਾਹਾਂ ਗਰੁੱਪ ਤੋਂ ਬਾਅਦ ਉਨ੍ਹਾਂ ਦਾ ਸੰਗਠਨ ਹੀ ਦੂਜਾ ਸਭ ਤੋਂ ਵੱਡਾ ਕਿਸਾਨ ਸੰਗਠਨ ਮੰਨਿਆ ਜਾਂਦਾ ਹੈ। ਉਹ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਦੇ ਪੋਸਟ ਗ੍ਰੈਜੂਏਟ ਹਨ। ਉਹ 1983 ਤੋਂ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਜਥੇਬੰਦੀ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਸਰਗਰਮ ਹੈ।
ਬੂਟਾ ਸਿੰਘ ਬੁਰਜਗਿੱਲ, ਪ੍ਰਧਾਨ- ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ)
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਦੇ ਜੰਮਪਲ 62 ਸਾਲਾ ਬੂਟਾ ਸਿੰਘ 1984 ਤੋਂ ਕਿਸਾਨ ਨਾਲ ਜੁੜੇ ਹੋਏ ਹਨ। ਸਿਰਫ਼ ਪੰਜਵੀਂ ਜਮਾਤ ਤੱਕ ਪੜ੍ਹੇ ਬੂਟਾ ਸਿੰਘ ਉੱਤੇ ਵੱਖੋ-ਵੱਖਰੇ ਕਿਸਾਨ ਅੰਦੋਲਨਾਂ ਦੌਰਾਨ 50 ਮੁਕੱਦਮੇ ਦਰਜ ਹੋ ਚੁੱਕੇ ਹਨ।
ਪੰਜਾਬ ਦੇ ਇਨ੍ਹਾਂ ਪੰਜ ਲੀਡਰਾਂ ਹੱਥ ਕਿਸਾਨ ਅੰਦੋਲਨ ਦੀ ਅਸਲ ਵਾਗਡੋਰ
ਏਬੀਪੀ ਸਾਂਝਾ
Updated at:
07 Dec 2020 03:25 PM (IST)
ਇਨ੍ਹਾਂ ਸੰਗਠਨਾਂ ਦੇ ਆਗੂਆਂ ਦੀ ਅਗਵਾਈ ਹੇਠ ਹੀ ਪੰਜਾਬ ਦੇ ਲੱਖਾਂ ਕਿਸਾਨ ਇਸ ਵੇਲੇ ਦਿੱਲੀ ਬਾਰਡਰ ਉੱਤੇ ਧਰਨਾ ਦੇ ਰਹੇ ਹਨ। ਆਓ ਥੋੜ੍ਹਾ ਇਨ੍ਹਾਂ ਕੁਝ ਆਗੂਆਂ ਬਾਰੇ ਵੀ ਕੁਝ ਜਾਣ ਲਈਏ:
- - - - - - - - - Advertisement - - - - - - - - -