ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪੱਡਾ ਵਿਖੇ ਬੀਤੀ ਦੇਰ ਰਾਤ ਚੋਰਾਂ ਵੱਲੋਂ 2 ਘਰਾਂ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾ ਕੇ ਲੱਖਾਂ ਦੀ ਨਗਦੀ ਅਤੇ ਗਹਿਣੇ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ ਦੀ ਤਰ੍ਹਾਂ ਘਰ ਵਿਹੜੇ ਵਿਚ ਸੁੱਤੇ ਪਏ ਸੀ ਤੇ ਅੱਜ ਜਦੋਂ ਸਵੇਰੇ ਘਰ ਦੇ ਅੰਦਰ ਵੜਨ ਲੱਗੇ ਤਾਂ ਘਰ ਦੇ ਅੰਦਰੋਂ ਕੁੰਡੀ ਲੱਗੀ ਪਈ ਸੀ।
ਜਦੋਂ ਅਸੀਂ ਘਰ ਦੇ ਚਾਰ ਚੁਫੇਰੇ ਵੇਖਿਆ ਤਾਂ ਇਕ ਕਮਰੇ ਦੀ ਖਿੜਕੀ ਖੁੱਲ੍ਹੀ ਪਈ ਸੀ ਤੇ ਘਰ ਦੇ ਅੰਦਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਜਦੋਂ ਅੰਦਰ ਜਾ ਦੇਖਿਆ ਤਾਂ ਘਰ ਦੇ ਅੰਦਰ ਅਲਮਾਰੀ ਵਿਚ ਪਏ ਸੋਨੇ ਦੇ ਗਹਿਣੇ ਕਰੀਬ ਅੱਠ ਤੋਲੇ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਕੀਤੀ ਗਈ ਗਰਾਹੀ ਕਰੀਬ ਇੱਕ ਲੱਖ ਤੋਂ ਉੱਪਰ ਨਕਦੀ ਚੋਰਾਂ ਵੱਲੋਂ ਚੋਰੀ ਕੀਤੀ ਗਈ।
ਇਸੇ ਤਰ੍ਹਾਂ ਪਿੰਡ ਦੇ ਦੂਸਰੇ ਘਰ ਦੇ ਮਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ਦੇ ਪਿਛਲੇ ਪਾਸਿਓਂ ਕਮਰੇ ਦੀ ਦੀਵਾਰ ਨੂੰ ਪਾੜ ਕੇ ਟਰੰਕ ਵਿਚੋਂ ਇਕ ਲੱਖ ਦੀ ਨਗਦੀ ਚੋਰੀ ਅਤੇ ਸਾਮਾਨ ਦੀ ਫਰੋਲਾ ਫਰਾਲੀ ਕੀਤੀ ਗਈ। ਉਥੇ ਹੀ ਇਸ ਵਾਰਦਾਤ ਦੀ ਸੂਚਨਾ ਮਿਲਦੇ ਪੁਲਿਸ ਪਾਰਟੀ ਸਮੇਤ ਐਸਐਚਓ ਕੈਲਾਸ਼ ਚੰਦਰ ਉਕਤ ਚੋਰੀ ਵਾਲੀ ਜਗ੍ਹਾ 'ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈ ਕੇ ਜਸਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਦੇ ਬਿਆਨਾਂ ਕਲਮਬੰਦ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਡੌਗ ਸਕੁਐਡ ਪਾਰਟੀ ਦੀ ਮਦਦ ਅਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਪੁਲਿਸ ਅਧਕਾਰੀ ਦਾਅਵਾ ਕਰ ਰਹੇ ਹਨ ਕਿ ਜਲਦ ਚੋਰ ਕਾਬੂ ਕੀਤੇ ਜਾਣਗੇ।