ਬਰਨਾਲਾ: ਪਿਛਲੇ ਕਈ ਦਿਨਾਂ ਤੋਂ ਬਰਨਾਲਾ ਦੀ ਜੇਲ੍ਹ ਦੇ ਬਾਹਰ ਕਿਰਨਜੀਤ ਕੌਰ ਕਾਂਡ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਲਗਾਤਾਰ ਦਿਨ-ਰਾਤ ਦਾ ਧਰਨਾ ਦਿੱਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਆਦਮੀ ਦੀ ਰਿਹਾਈ ਲਈ ਜੇਲ੍ਹ ਦੇ ਬਾਹਰ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।
30 ਸਤੰਬਰ ਤੋਂ ਬਰਨਾਲਾ ਜੇਲ੍ਹ ਦੇ ਬਾਹਰ ਮਨਜੀਤ ਸਿੰਘ ਧਨੇਰ ਦੇ ਸਮਰੱਥਕਾਂ ਵੱਲੋਂ ਪੱਕਾ ਧਰਨਾ ਇੱਕ ਲੋਕ ਲਹਿਰ ਬਣਦਾ ਜਾ ਰਹਿਾ ਹੈ। ਹੁਣ ਇਸ ਸੰਘਰਸ਼ ‘ਚ ਪੰਜਾਬ ਦੀਆਂ 42 ਜੱਥੇਬੰਦੀਆਂ ਕੇਂਦਰੀ ਪੰਜਾਬੀ ਲੇਖਕ ਸਭਾ, ਰੰਗਕਰਮੀ, ਸੱਭਿਆਚਾਰਕ ਕਾਮੇ, ਪੱਤਰਕਾਰ, ਬੁੱਧੀਜੀਵੀ, ਕਿਰਤੀ, ਮੁਲਾਜ਼ਮ ਜੱਥੇਬੰਦੀਆਂ ਆਦਿ ਆ ਗਈਆਂ ਹਨ। ਦੋ ਜਥੇਬੰਦੀਆ ਦੀ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਉਸ ਨੂੰ ਰਿਹਾਅ ਕਰਵਾਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਇਸ ਧਰਨੇ ਦੇ ਮੁੱਖ ਆਗੂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ‘ਚ ਮੁਲਾਕਾਤ ਵੀ ਕਰਨਗੇ। ਜਿਸ ਮੀਟਿੰਗ ‘ਚ ਕੀ ਫੈਸਲਾ ਆਵੇਗਾ ਇਹ ਬਾਅਦ ‘ਚ ਪਤਾ ਲੱਗੇਗਾ। ਦੱਸ ਦਈਏ ਕਿ ਮਨਜੀਤ ਸਿੰਘ ਧਨੇਰ ਇਸ ਸਮੇਂ ਜੇਲ੍ਹ ਵਿਚ ਹੈ ਜਿਸ ਨੂੰ ਰਿਹਾਅ ਕਰਾਉਣ ਲਈ 42 ਧਿਰਾਂ 'ਤੇ ਆਧਾਰਤ ਐਕਸ਼ਨ ਕਮੇਟੀ ਨੇ ਜੇਲ੍ਹ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਹੈ। 62 ਸਾਲ ਦਾ ਮਨਜੀਤ ਸਿੰਘ ਧਨੇਰ ਇਕ ਆਮ ਕਿਸਾਨ ਹੈ ਜੋ ਮਹਿਲ ਕਲਾਂ ਦਾ ਵਸਨੀਕ ਹੈ।