Moga News: ਸਰਕਾਰਾਂ ਦੇ ਦਾਅਵਿਆਂ ਤੋਂ ਨਿਰਾਸ਼ ਹੋ ਕੇ ਪਿੰਡਾਂ ਦੇ ਲੋਕ ਨਸ਼ਿਆਂ ਖਿਲਾਫ ਖੁਦ ਹੀ ਮੋਰਚਾ ਖੋਲ੍ਹਣ ਲੱਗੇ ਹਨ। ਇੱਕ ਪਾਸੇ ਪਿੰਡਾਂ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਆਮ ਲੋਕਾਂ ਵੱਲੋਂ ਖੁਦ ਹੀ ਘੇਰਿਆ ਦਾ ਰਿਹਾ ਹੈ ਤੇ ਦੂਜੇ ਪਾਸੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾ ਕੇ ਨਸ਼ਿਆਂ ਉਪਰ ਪਾਬੰਦੀ ਲਾਈ ਜਾ ਰਹੀ ਹੈ। ਇਸ ਰੁਝਾਨ ਕਰਕੇ ਨਸ਼ਾ ਵੇਚਣ ਵਾਲਿਆਂ ਅੰਦਰ ਵੀ ਖੌਫ ਨਜ਼ਰ ਆਉਣ ਲੱਗਾ ਹੈ। 


ਮੋਗਾ ਜ਼ਿਲ੍ਹੇ ਦੇ ਪਿੰਡ ਬੁੱਘੀਪੁਰਾ ਦੇ ਲੋਕਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਤੌਰ ’ਤੇ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਤਾਂ ਪਿੰਡ ਦੀ ਹਰ ਗਲੀ ਵਿੱਚ ਚਿੱਟਾ ਸ਼ਰੇਆਮ ਵਿੱਕ ਰਿਹਾ ਹੈ ਪਰ ਪ੍ਰਸ਼ਾਸਨ ਨੂੰ ਵਾਰ-ਵਾਰ ਦੱਸਣ ਦੇ ਬਾਵਜੂਦ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। 


ਇਸ ਮੌਕੇ ਦਰਜਨਾਂ ਔਰਤਾਂ ਨਸ਼ਿਆਂ ਕਾਰਨ ਆਪਣੇ ਘਰ ਦੀ ਹੋਈ ਬਰਬਾਦੀ ਦੀ ਦਾਸਤਾਂ ਸੁਣਾਉਂਦਿਆਂ ਭਾਵੁਕ ਹੋ ਗਈਆਂ। ਉਨ੍ਹਾਂ ਕਿਹਾ, ‘‘ਅਸੀਂ ਕਿੱਧਰ ਨੂੰ ਜਾਈਏ, ਨਾ ਅਸੀਂ ਜਿਉਂਦਿਆਂ ਵਿੱਚ ਹਾਂ ਤੇ ਨਾ ਹੀ ਮਰਿਆਂ ਵਿੱਚ, ਸਾਡੇ ਪੁੱਤਰਾਂ ਨੂੰ ਬਚਾ ਲੈ ਸਰਕਾਰੇ।’’ ਮਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਸ਼ੇੜੀ ਪੁੱਤ ਉਨ੍ਹਾਂ ਨੂੰ ਕੁੱਟਦੇ ਹਨ ਤੇ ਜੋ ਪੈਸਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਲਿਆਉਂਦੀਆਂ ਹਨ, ਉਹ ਵੀ ਚੋਰੀ ਕਰ ਕੇ ਲੈ ਜਾਂਦੇ ਹਨ।


ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਨੇ ਜਿੱਤਿਆ ‘ਨੈਸ਼ਨਲ ਵਾਟਰ ਐਵਾਰਡ-2022’, ਇੰਦੌਰ ਨੂੰ ਪਿਛਾੜ ਸਿਟੀ ਬਿਉਟੀਫੁੱਲ ਬਣਿਆ ਨੰਬਰ ਵਨ


ਪਿੰਡ ਦੇ ਸਰਪੰਚ ਹਰਨੇਕ ਸਿੰਘ ਨੇ ਕਿਹਾ,‘‘ਪੰਜਾਬ ਵਿੱਚ ਵਗ ਰਿਹਾ ਨਸ਼ਿਆਂ ਦਾ ਦਰਿਆ ਸੂਬੇ ਦੀ ਜਵਾਨੀ ਨੂੰ ਰੋੜ੍ਹ ਰਿਹਾ ਹੈ। ਸਾਨੂੰ ਨਸ਼ਿਆਂ ਦੀ ਭੈੜੀ ਅਲਾਮਤ ਖ਼ਿਲਾਫ਼ ਇਕਜੁੱਟਤਾ ਨਾਲ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਜੋ ਅਸੀ ਆਪਣਾ ਸਮਾਜ ਬਚਾ ਸਕੀਏ।’’ ਉਨ੍ਹਾਂ ਹਰ ਇਨਸਾਨ ਨੂੰ ਸੱਦਾ ਦਿੰਦਿਆਂ ਕਿਹਾ ਕਿ ਲਾਲਚ ਤੋਂ ਉਪਰ ਉੱਠ ਕੇ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ।


ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਉਹ ਪੰਜਾਬ ਦੇ ਲੋਕਾਂ ਨਾਲ ਚਿੱਟੇ ਨੂੰ ਬੰਦ ਕਰਵਾਉਣ ਦਾ ਵਾਅਦਾ ਕਰ ਕੇ ਬਣ ਜਾਂਦੀ ਹੈ ਪਰ ਬਾਅਦ ਵਿੱਚ ਕੋਈ ਵੀ ਸਾਰ ਨਹੀਂ ਲੈਂਦਾ। ਉਨ੍ਹਾਂ ਮੰਗ ਕੀਤੀ ਕਿ ਸ਼ਰਾਬ ਦੇ ਠੇਕੇ ਆਬਾਦੀ ਤੋਂ ਦੂਰ ਹੋਣੇ ਚਾਹੀਦੇ ਹਨ। ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ,‘‘ਇਸ ਤੋਂ ਪਹਿਲਾਂ ਜੋ ਹੋ ਗਿਆ, ਉਹ ਬੀਤ ਗਿਆ ਪਰ ਹੁਣ ਅਸੀਂ ਕਿਸੇ ਨੂੰ ਨਸ਼ਾ ਨਹੀਂ ਵੇਚਣ ਦੇਵਾਂਗੇ।’’


ਇਹ ਵੀ ਪੜ੍ਹੋ: Weather Report: ਮੌਸਮ ਵਿਭਾਗ ਵੱਲੋਂ ਤੇਜ਼ ਬਾਰਸ਼ ਦਾ ਅਲਰਟ, 20 ਜੂਨ ਮਗਰੋਂ ਕਦੇ ਵੀ ਦਸਤਕ ਦੇ ਸਕਦਾ ਮਾਨਸੂਨ