ਖੇਤੀ ਕਾਨੂੰਨਾਂ ਮਗਰੋਂ ਜੀਐਸਟੀ 'ਤੇ ਘਿਰੀ ਮੋਦੀ ਸਰਕਾਰ, ਨਵੀਆਂ ਸੋਧਾਂ ਖਿਲਾਫ ਡਟੇ ਵਪਾਰੀ
ਅੱਜ ਅੰਮ੍ਰਿਤਸਰ ਦੇ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਮੁੱਖ ਅਹੁਦੇਦਾਰਾਂ ਨੇ ਏਈਟੀਸੀ ਅੰਮ੍ਰਿਤਸਰ ਤੇ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪੇ ਤੇ ਇਨ੍ਹਾਂ ਸੋਧਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਅੰਮ੍ਰਿਤਸਰ: ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ ਵੱਲੋਂ ਜੀਐਸਟੀ 'ਚ ਲਿਆਂਦੀਆਂ ਦੋ ਨਵੀਆਂ ਸੋਧਾਂ ਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਪੰਜਾਬ ਦਾ ਵਪਾਰੀਆਂ ਦਾ ਸਮਰਥਨ ਤਾਂ ਮਿਲਿਆ ਪਰ ਪੰਜਾਬ ਵਪਾਰ ਮੰਡਲ ਨੇ ਕੋਰੋਨਾ ਲੌਕਡਾਊਨ ਤੇ ਕਿਸਾਨੀ ਅੰਦੋਲਨ ਕਾਰਨ ਪਹਿਲਾਂ ਵੀ ਕਈ ਵਾਰ ਹੋਏ ਬੰਦ ਕਾਰਨ ਬਾਜ਼ਾਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਬਾਜ਼ਾਰ ਨਾ ਬੰਦ ਕਰਨ ਦਾ ਫੈਸਲਾ ਲਿਆ।
ਅੱਜ ਅੰਮ੍ਰਿਤਸਰ ਦੇ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਮੁੱਖ ਅਹੁਦੇਦਾਰਾਂ ਨੇ ਏਈਟੀਸੀ ਅੰਮ੍ਰਿਤਸਰ ਤੇ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪੇ ਤੇ ਇਨ੍ਹਾਂ ਸੋਧਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਨੇ ਦੱਸਿਆ ਕਿ ਇਨ੍ਹਾਂ ਦੋ ਸੋਧਾਂ ਨਾਲ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਵਪਾਰੀ ਵਰਗ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।
ਉਨ੍ਹਾਂ ਕਿਹਾ ਕਿ ਇਹ ਸੋਧਾਂ ਉਸੇ ਤਰ੍ਹਾਂ ਕਿਸਾਨਾਂ ਨੂੰ ਪ੍ਰਭਾਵਿਤ ਕਰਨਗੀਆਂ, ਜਿਵੇਂ ਤਿੰਨ ਖੇਤੀ ਕਾਨੂੰਨ ਕਿਸਾਨਾਂ ਨੂੰ। ਪਿਆਰਾ ਲਾਲ ਸੇਠ ਨੇ ਕਿਹਾ ਕਿ ਹਾਲੇ ਤਾਂ ਉਹ ਮੰਗ ਪੱਤਰ ਦੇ ਰਹੇ ਨੇ ਤੇ ਜੇਕਰ ਜ਼ਰੂਰਤ ਪਈ ਤਾਂ ਵਪਾਰੀ ਵੀ ਕਿਸਾਨਾਂ ਵਾਂਗ ਵੱਡਾ ਸੰਘਰਸ਼ ਸ਼ੁਰੂ ਕਰ ਸਕਦੇ ਹਨ।