ਲੁਧਿਆਣਾ: ਕੇਂਦਰੀ ਜੇਲ੍ਹ ਵਿੱਚ ਵੱਖ-ਵੱਖ ਕੇਸਾਂ ਵਿੱਚ ਬੰਦ ਦੋ ਹਵਾਲਾਤੀਆਂ ਦੇ ਗ਼ਾਇਬ ਹੋ ਜਾਣ ਦੀ ਖ਼ਬਰ ਹੈ। ਅੱਜ ਸਵੇਰੇ ਕੈਦੀਆਂ ਦੀ ਹਾਜ਼ਰੀ ਲਾਏ ਜਾਣ ਸਮੇਂ ਦੋਵਾਂ ਹਵਾਲਾਤੀਆਂ ਦੀ ਗ਼ੈਰ-ਹਾਜ਼ਰੀ ਦਰਜ ਕੀਤੀ ਗਈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਦੋਵੇਂ ਸਕੇ ਭਰਾ ਹਵਾਲਾਤੀ ਫਰਾਰ ਹੋ ਗਏ ਹਨ ਕਿ ਨਹੀਂ।
ਇਸ ਮਾਮਲੇ ਬਾਰੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਡਰੱਗ ਮੁਲਜ਼ਮਾਂ ਦਾ ਫਰਾਰ ਹੋ ਜਾਣਾ ਜੇਲ੍ਹ ਅਧਿਕਾਰੀਆਂ ਦਾ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਨੂੰ ਮੁਅੱਤਲ ਨਹੀਂ ਬਲਕਿ ਬਰਖ਼ਾਸਤ ਕੀਤਾ ਜਾਵੇਗਾ।
ਲੁਧਿਆਣਾ ਦੇ ਏਡੀਸੀਪੀ ਰਾਜਵੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਜੇਲ੍ਹ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਜੇਲ੍ਹ ਦੇ ਅੰਦਰ ਹੀ ਹਵਾਲਾਤੀ ਜਸਵੀਰ ਸਿੰਘ ਤੇ ਹਰਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀ ਜੇਲ੍ਹ ਹੈ ਤਾਂ ਤਲਾਸ਼ੀ ਲਈ ਵੀ ਸਮਾਂ ਲੱਗੇਗਾ। ਮੁਲਜ਼ਮਾਂ ਵਿੱਚੋਂ ਇੱਕ ਤੇ ਨਸ਼ੇ ਤੇ ਦੂਜੇ 'ਤੇ ਚੋਰੀ ਦਾ ਕੇਸ ਦਰਜ ਹੈ। ਦੋਵਾਂ ਨੂੰ ਮਾਰਚ ਮਹੀਨੇ ਦੌਰਾਨ ਹਿਰਾਸਤ ਵਿੱਚ ਲਿਆ ਸੀ।
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਜੇਲ੍ਹਾਂ ਵਿੱਚ ਕਾਫੀ ਸਖ਼ਤੀ ਕੀਤੀ ਜਾ ਰਹੀ ਹੈ। ਅਜਿਹਾ ਮਾਮਲਾ ਸਾਹਮਣੇ ਆਉਣ ਨਾਲ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲਾਉਂਦਾ ਹੈ। ਵੇਖਣਾ ਇਹ ਹੋਵੇਗਾ ਕਿ ਲੁਧਿਆਣਾ ਜੇਲ੍ਹ ਦੇ ਅਧਿਕਾਰੀ ਆਪਣੀ ਇਸ ਢਿੱਲ ਮੱਠ ਨੂੰ ਕਦੋਂ ਤਕ ਠੀਕ ਕਰ ਲੈਣਗੇ।