ਚੰਡੀਗੜ੍ਹ: ਪੰਚਕੂਲਾ ਹਿੰਸਾ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਡੇਰਾ ਸਿਰਸਾ ਦੇ ਦੋ ਮੋਤਹਬਰਾਂ ਦਾਨ ਸਿੰਘ ਤੇ ਰਾਕੇਸ਼ ਕੁਮਾਰ ਨੂੰ ਨਪੁੰਸਕ ਬਣਾਏ ਜਾਣ ਦਾ ਖੁਲਾਸਾ ਹੋਇਆ ਹੈ। ਪੁੱਛ ਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਦੇ ਪ੍ਰਜਨਨ ਅੰਗਾਂ ਨੂੰ ਗ਼ੈਰ ਕੁਦਰਤੀ ਤਰੀਕੇ ਨਾਲ ਹਟਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਹੁਣ ਡਾਕਟਰਾਂ ਦਾ ਬੋਰਡ ਕਰੇਗਾ।


ਦੱਸ ਦੇਈਏ ਕਿ ਡੇਰਾ ਸਿਰਸਾ ਨਾਲ ਸਬੰਧ ਰੱਖਣ ਵਾਲੇ ਇੱਕ ਸਾਧੂ ਨੇ ਪਹਿਲਾਂ ਵੀ ਡੇਰੇ ਵਿੱਚ ਉਸ ਸਮੇਤ ਹੋਰਨਾਂ ਸਾਧੂਆਂ ਨੂੰ ਜ਼ਬਰੀ ਨਪੁੰਸਕ ਬਣਾ ਦਿੱਤੇ ਜਾਣ ਦੇ ਇਲਜ਼ਾਮ ਲਾਏ ਸਨ। ਬੀਤੇ ਦਿਨੀਂ ਗ੍ਰਿਫਤਾਰ ਕੀਤੇ ਉਕਤ ਡੇਰੇ ਦੇ ਪ੍ਰਮੁੱਖ ਵਿਅਕਤੀਆਂ ਵਿੱਚੋਂ ਦੋ ਨੂੰ ਵੀ ਇਸੇ ਤਰ੍ਹਾਂ ਨਪੁੰਸਕ ਬਣਾਏ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਇਨ੍ਹਾਂ ਦੀ ਮੈਡੀਕਲ ਜਾਂਚ ਲਈ ਪੰਚਕੁਲਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਹੈ। ਇਹ ਬੋਰਡ ਸੋਮਵਾਰ ਤਕ ਆਪਣੀ ਰਿਪੋਰਟ ਪੇਸ਼ ਕਰੇਗਾ।

ਜੇਕਰ ਇਸ ਰਿਪੋਰਟ ਵਿੱਚ ਦਾਨ ਸਿੰਘ ਤੇ ਰਾਕੇਸ਼ ਕੁਮਾਰ ਨੂੰ ਉਸੇ ਤਰ੍ਹਾਂ ਨਪੁੰਸਕ ਬਣਾਇਆ ਪਾਇਆ ਗਿਆ ਤਾਂ ਪੰਚਕੁਲਾ ਪੁਲਿਸ ਉਨ੍ਹਾਂ ਨੂੰ ਸੀ.ਬੀ.ਆਈ. ਦੇ ਹਵਾਲੇ ਕਰ ਦੇਵੇਗੀ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਵਿਰੁੱਧ ਡੇਰੇ ਵਿੱਚ ਮੌਜੂਦ ਸਾਧੂਆਂ ਨੂੰ ਜ਼ਬਰੀ ਨਪੁੰਸਕ ਬਣਾਉਣ ਦਾ ਮਾਮਲਾ ਵੀ ਦਰਜ ਕੀਤਾ ਹੋਇਆ ਹੈ। ਇਸ ਮਾਮਲੇ ਦੀ ਜਾਂਚ ਵੀ ਸੀ.ਬੀ.ਆਈ. ਕਰ ਰਹੀ ਹੈ।