ਕੇਂਦਰ ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਨੂੰ ਪੁਰਸਕਾਰ ਦੇਣ ਦਾ ਐਲਾਨ, ਪੰਜਾਬ ਦੀਆਂ 2 ਬਲਾਕ ਸਮਿਤੀਆਂ ਤੇ 9 ਗਰਾਮ ਪੰਚਾਇਤਾਂ ਨੂੰ ਵੀ ਕੌਮੀ ਪੁਰਸਕਾਰ
ਕੇਂਦਰ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਨੇ ਹਰ ਪੱਖੋਂ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਬਦਲੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਨੂੰ ਇਸ ਵਰ੍ਹੇ ਦਾ ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਕੌਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।
ਚੰਡੀਗੜ੍ਹ: ਕੇਂਦਰ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਨੇ ਹਰ ਪੱਖੋਂ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਬਦਲੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਨੂੰ ਇਸ ਵਰ੍ਹੇ ਦਾ ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਕੌਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਹਰ ਵਰ੍ਹੇ ਦਿੱਤੇ ਜਾਣ ਵਾਲੇ ਇਨ੍ਹਾਂ ਪੁਰਸਕਾਰਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਤੋਂ ਬਿਨਾਂ ਸੂਬੇ ਦੀਆਂ ਦੋ ਬਲਾਕ ਸਮਿਤੀਆਂ ਤੇ ਨੌਂ ਗਰਾਮ ਪੰਚਾਇਤਾਂ ਨੂੰ ਵੀ ਵੱਖ-ਵੱਖ ਕੌਮੀ ਪੁਰਸਕਾਰਾਂ ਲਈ ਚੁਣਿਆ ਗਿਆ ਹੈ।
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਪੁਰਸਕਾਰਾਂ ਲਈ ਚੁਣੀਆਂ ਗਈਆਂ ਸਾਰੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਪੁਰਸਕਾਰ ਇਨ੍ਹਾਂ ਸੰਸਥਾਵਾਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਤ ਕਰਨਗੇ। ਉਨ੍ਹਾਂ ਕਿਹਾ ਕਿ ਹੋਰਨਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਬਿਹਤਰੀਨ ਕਾਰਗੁਜ਼ਾਰੀ ਲਈ ਹੰਭਲਾ ਮਾਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਤੇ ਮਜ਼ਬੂਤ ਕਰਕੇ ਹੀ ਪਿੰਡਾਂ ਦਾ ਸਰਬਪੱਖੀ ਤੇ ਪਾਇਦਾਰ ਵਿਕਾਸ ਕੀਤਾ ਜਾ ਸਕਦਾ ਹੈ।
ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀਮਾ ਜੈਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹਾ ਲੁਧਿਆਣਾ ਦੀ ਸਮਰਾਲਾ ਤੇ ਜ਼ਿਲ੍ਹਾਂ ਪਟਿਆਲਾ ਦੀ ਭੁਨਰਹੇੜੀ ਬਲਾਕ ਸੰਮਿਤੀਆਂ ਦੀ ਚੋਣ ਪੁਰਸਕਾਰਾਂ ਲਈ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਬਠਿੰਡਾ ਜ਼ਿਲ੍ਹੇ ਦੇ ਮੌੜ ਬਲਾਕ ਦੀ ਗਰਾਮ ਪੰਚਾਇਤ ਮਾਣਕ ਖਾਨਾ, ਕਪੂਰਥਲਾ ਜ਼ਿਲੇ ਦੇ ਢਿੱਲਵਾਂ ਬਲਾਕ ਦੀ ਗਰਾਮ ਪੰਚਾਇਤ ਸੰਘੋਜਾਲਾ, ਅੰਮ੍ਰਿਤਸਰ ਜ਼ਿਲੇ ਦੇ ਰਈਆ ਬਲਾਕ ਦੀ ਗਰਾਮ ਪੰਚਾਇਤ ਮਹਿਤਾ, ਫ਼ਰੀਦਕੋਟ ਜ਼ਿਲੇ ਦੇ ਫ਼ਰੀਦਕੋਟ ਬਲਾਕ ਦੀ ਗਰਾਮ ਪੰਚਾਇਤ ਮਚਾਕੀ ਕਲਾਂ, ਲੁਧਿਆਣਾ ਜ਼ਿਲੇ ਦੇ ਮਾਛੀਵਾੜਾ ਬਲਾਕ ਦੀ ਗਰਾਮ ਪੰਚਾਇਤ ਗੁਰੂਗੜ, ਪਟਿਆਲਾ ਜ਼ਿਲੇ ਦੇ ਭੁਨਰਹੇੜੀ ਬਲਾਕ ਦੀ ਗਰਾਮ ਪੰਚਾਇਤ ਦੇਵੀਨਗਰ ਤੇ ਫ਼ਾਜ਼ਿਲਕਾ ਜ਼ਿਲੇ ਦੇ ਫ਼ਾਜ਼ਿਲਕਾ ਬਲਾਕ ਦੀ ਗਰਾਮ ਪੰਚਾਇਤ ਥੇਹ ਕਲੰਦਰ ਦੀ ਵੀ ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਲਈ ਚੋਣ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਬਿਨਾਂ ਜ਼ਿਲ੍ਹਾ ਕਪੂਰਥਲਾ ਦੇ ਢਿੱਲਵਾਂ ਬਲਾਕ ਦੀ ਨੂਰਪੁਰ ਲੁਬਾਣਾ ਗ੍ਰਾਮ ਪੰਚਾਇਤ ਨੂੰ ਬਾਲ-ਮਿੱਤਰਤਾਈ ਪੁਰਸਕਾਰ, ਗੁਰਦਾਸਪੁਰ ਜ਼ਿਲੇ ਦੇ ਧਾਰੀਵਾਲ ਬਲਾਕ ਦੀ ਛੀਨਾ ਗ੍ਰਾਮ ਪੰਚਾਇਤ ਨੂੰ ਗ੍ਰਾਮ ਪੰਚਾਇਤ ਵਿਕਾਸ ਵਿਉਂਤਬੰਦੀ ਪੁਰਸਕਾਰ ਅਤੇ ਜ਼ਿਲਾ ਬਠਿੰਡਾ ਦੇ ਮੌੜ ਬਲਾਕ ਦੀ ਮਾਣਕ ਖਾਨਾ ਗ੍ਰਾਮ ਪੰਚਾਇਤ ਨੂੰ ਨਾਨਾ ਜੀ ਦੇਸਮੁੱਖ ਗੌਰਵ ਗ੍ਰਾਮ ਸਭਾ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ। ਇਸ ਤਰਾਂ ਬਠਿੰਡਾ ਦੇ ਮੌੜ ਬਲਾਕ ਦੀ ਮਾਣਕ ਖਾਨਾ ਗ੍ਰਾਮ ਪੰਚਾਇਤ ਨੂੰ ਦੋ ਪੁਰਸਕਾਰ ਹਾਸਲ ਹੋਏ ਹਨ। ਉਹਨਾਂ ਕਿਹਾ ਕਿ ਇਹ ਸਾਰੇ ਪੁਰਸਕਾਰ ਪੰਚਾਇਤੀ ਰਾਜ ਸੰਸਥਾਵਾਂ ਨੂੰ ਹਰ ਪੱਖੋਂ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਦਿੱਤੇ ਜਾਂਦੇ ਹਨ।
ਸੂਬੇ ਦੇ ਪੇਂਡੂ ਵਿਕਾਸ ਵਿਭਾਗ ਦੇ ਐਸ.ਆਈ ਆਰ.ਡੀ ਦੀ ਪ੍ਰੋਫੈਸਰ ਅਤੇ ਮੁੱਖੀ ਡਾ. ਰੋਜ਼ੀ ਵੈਦ ਨੇ ਦਸਿਆ ਕਿ ਇਹਨਾਂ ਪੁਰਸਕਾਰਾਂ ਲਈ ਚੁਣੀਆਂ ਗਈਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆ ਨੂੰ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਲੀ ਵਿਖੇ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ 21 ਅਪ੍ਰੈਲ ਨੂੰ ਹੋਣ ਵਾਲੇ ਸਮਾਗਮ ਵਿੱਚ ਦਿੱਤੇ ਜਾਣਗੇ। ਉਹਨਾਂ ਦਸਿਆ ਕਿ ਜ਼ਿਲਾ ਪ੍ਰੀਸ਼ਦ ਨੂੰ ਤਕਰੀਬਨ 50 ਲੱਖ, ਬਲਾਕ ਸੰਮਿਤੀ ਨੂੰ ਤਕਰੀਬਨ 25 ਲੱਖ ਤੇ ਗਰਾਮ ਪੰਚਾਇਤ ਨੂੰ ਤਕਰੀਬਨ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :