ਵਿਜੀਲੈਂਸ ਵੱਲੋਂ 1000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਅਤੇ ਉਸ ਦਾ ਸਹਾਇਕ ਕਾਬੂ
Vigilance Bureau: ਵਿਜੀਲੈਂਸ ਬਿਊਰੋ ਨੇ ਪਟਵਾਰੀ ਅਤੇ ਉਸ ਦੇ ਸਹਾਇਕ ਨੂੰ 1000 ਰੁਪਏ ਦੀ ਰਿਸ਼ਵਤ ਲੈਂਦਿਆਂ ਲੰਬੀ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ।

Vigilance Bureau: ਵਿਜੀਲੈਂਸ ਬਿਊਰੋ ਨੇ ਪਟਵਾਰੀ ਅਤੇ ਉਸ ਦੇ ਸਹਾਇਕ ਨੂੰ 1000 ਰੁਪਏ ਦੀ ਰਿਸ਼ਵਤ ਲੈਂਦਿਆਂ ਲੰਬੀ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ। ਫਿਲਹਾਲ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਵਲੋਂ ਕੈਮਰੇ ਅੱਗੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕੀਤਾ ਜਾ ਰਿਹਾ। ਭ੍ਰਿਸ਼ਟਾਚਾਰ ਵਿਰੁੱਧ ਆਪਣੀ ਜ਼ੀਰੋ-ਟੌਲਰੈਂਸ ਨੀਤੀ ਨੂੰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਮਾਲ ਪਟਵਾਰੀ ਅਤੇ ਉਸ ਦੇ ਸਹਾਇਕ ਨੂੰ 1,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਵੜਿੰਗਖੇੜਾ ਦੇ ਪਟਵਾਰੀ ਕੁਲਵਿੰਦਰ ਸਿੰਘ ਅਤੇ ਉਸ ਦੇ ਸਹਾਇਕ ਅਸ਼ੋਕ ਕੁਮਾਰ ਵਜੋਂ ਹੋਈ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਵੇਂ ਮੁਲਜ਼ਮਾਂ ਵਿਰੁੱਧ ਪਿੰਡ ਵੜਿੰਗਖੇੜਾ ਦੇ ਵਸਨੀਕ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਕਤ ਪਟਵਾਰੀ ਨੇ ਉਸ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਆਪਣੇ ਉਪਰੋਕਤ ਸਾਥੀ ਰਾਹੀਂ 1500 ਰੁਪਏ ਦੀ ਮੰਗ ਕੀਤੀ ਸੀ ਪਰ ਰਿਸ਼ਵਤ ਦੀ ਰਕਮ ਆਖਰਕਾਰ 1000 ਰੁਪਏ 'ਚ ਤੈਅ ਹੋ ਗਈ।
ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਪਟਵਾਰੀ ਵੱਲੋਂ 5 ਫਰਵਰੀ, 2025 ਨੂੰ ਜ਼ਮੀਨ ਦੀ ਹੱਦਬੰਦੀ ਦੀ ਰਿਪੋਰਟ ਤਿਆਰ ਕੀਤੀ ਗਈ ਸੀ ਪਰ ਇਸ ਸਬੰਧੀ 2024-25 ਦੇ ਸਰਕਾਰੀ ਰਜਿਸਟਰ ਜਾਂ ਰੋਜ਼ਾਨਾ ਡਾਇਰੀ ਵਿੱਚ ਕੋਈ ਐਂਟਰੀ ਨਹੀਂ ਕੀਤੀ ਗਈ। ਰਿਸ਼ਵਤ ਦੇ ਲੈਣ-ਦੇਣ ਨੂੰ ਸ਼ਿਕਾਇਤਕਰਤਾ ਨੇ ਵੀਡੀਓ ਵਿੱਚ ਕੈਦ ਕਰ ਲਿਆ ਸੀ, ਜਿਸ ਵਿੱਚ ਸਪੱਸ਼ਟ ਤੌਰ 'ਤੇ ਅਸ਼ੋਕ ਕੁਮਾਰ ਪੈਸੇ ਲੈ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤਹਿਤ ਵਿਜੀਲੈਂਸ ਬਿਊਰੋ ਰੇਂਜ ਥਾਣਾ ਬਠਿੰਡਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















