Hoshiarpur news: ਹੁਸ਼ਿਆਰਪੁਰ ਦੇ ਥਾਣਾ ਸਦਰ ਦੇ ਬਾਹਰ ਪਿੰਡ ਵਾਲਿਆਂ ਵਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਹੁਸ਼ਿਆਰਪੁਰ ਦੇ ਹੀ ਨਜ਼ਦੀਕੀ ਪਿੰਡ ਨੌਗਰਾਵਾਂ ਦੇ ਲੋਕਾਂ ਨੇ ਥਾਣੇ ਦੇ ਬਾਹਰ ਆ ਕੇ ਪੁਲਿਸ ਪ੍ਰਸ਼ਾਸਨ ਅਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਉਨ੍ਹਾਂ ਨੇ ਦੋਸ਼ ਲਾਇਆ ਕਿ ਪਿੰਡ ‘ਚ ਕੁਝ ਲੋਕ ਆ ਕੇ ਗੁੰਡਾਗਰਦੀ ਕਰਦੇ ਹਨ, ਪਰ ਪੁਲਿਸ ਨੇ ਉਨ੍ਹਾਂ ‘ਤੇ ਪਰਚਾ ਦਰਜ ਕਰਨ ਦੇ ਬਾਵਜੂਦ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਹੈ। ਜਾਣਕਾਰੀ ਮਿਲਦਿਆਂ ਹੀ ਡੀਐਸਪੀ ਸਿਟੀ ਅਮਰਨਾਥ ਵੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਪੁਲਿਸ ਛੇਤੀ ਹੀ ਨਾਮਜ਼ਦ ਕੀਤੇ ਕਥਿਤ ਦੋਸ਼ੀਆਂ ਨੂੰ ਕਾਬੂ ਕਰੇਗੀ।
ਇਸ ਬਾਰੇ ਪਿੰਡ ਨੌਗਰਾਵਾਂ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਪਿਛਲੇ ਕਈ ਸਾਲਾਂ ਤੋਂ ਕੁਝ ਵਿਅਕਤੀਆਂ ਵਲੋਂ ਜਾਣਬੁਝ ਕੇ ਹੁੜਦੰਗ ਮਚਾਇਆ ਜਾ ਰਿਹਾ ਹੈ, ਇੰਨਾ ਹੀ ਨਹੀਂ ਉਕਤ ਵਿਅਕਤੀ ਬਾਹਰੋ ਗੁੰਡੇ ਸੱਦ ਕੇ ਪਿੰਡ ‘ਚ ਸ਼ਰੇਆਮ ਗੁੰਡਾਗਰਦੀ ਕਰਦੇ ਹਨ ਤੇ ਪਿੰਡ ਦੇ ਲੋਕਾਂ ਨਾਲ ਕੁੱਟਮਾਰ ਕਰਦੇ ਹਨ।
ਇਹ ਵੀ ਪੜ੍ਹੋ: Amritsar news: ਚਾਈਨਾ ਡੋਰ ਨੇ ਇੱਕ ਹੋਰ ਪਰਿਵਾਰ ਦੇ ਘਰ ਵਿਛਾਏ ਸੱਥਰ, 6 ਸਾਲਾ ਬੱਚੀ ਦੀ ਹੋਈ ਮੌਤ
ਪਿੰਡ ਵਾਲਿਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵਲੋਂ ਥਾਣਾ ਸਦਰ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਹੈ ਅਤੇ ਪੁਲਿਸ ਵਲੋਂ ਮਾਮਲਾ ਵੀ ਦਰਜ ਕੀਤਾ ਹੋਇਆ ਹੈ ਪਰ ਪਰਚਾ ਦਰਜ ਹੋਣ ਦੇ ਬਾਵਜੂਦ ਪੁਲਿਸ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਕਰਦੀ।
ਉੱਥੇ ਹੀ ਪਿੰਡ ਵਾਸੀਆਂ ਨੇ ਇਥੋਂ ਤੱਕ ਦੋਸ਼ ਲਾਇਆ ਕਿ ਕਥਿਤ ਦੋਸ਼ੀਆਂ ਦੀ ਹੁਸ਼ਿਆਰਪੁਰ ਤੋਂ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਮਦਦ ਕੀਤੀ ਜਾ ਰਹੀ ਐ ਤੇ ਇਹ ਹੀ ਕਾਰਨ ਹੈ ਕਿ ਮੰਤਰੀ ਦੀ ਸ਼ਹਿ ‘ਤੇ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।
ਦੂਜੇ ਪਾਸੇ ਡੀਐਸਪੀ ਸਿਟੀ ਅਮਰਨਾਥ ਦਾ ਕਹਿਣਾ ਹੈ ਕਿ ਪੁਲਿਸ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਅਤੇ ਜਿਨ੍ਹਾਂ ‘ਤੇ ਮਾਮਲਾ ਦਰਜ ਹੋਇਆ ਹੈ, ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਤੇ ਪਿੰਡ ਵਾਸੀਆਂ ਨੂੰ ਇਨਸਾਫ਼ ਦੁਆਇਆ ਜਾਵੇਗਾ।
ਇਹ ਵੀ ਪੜ੍ਹੋ: Ludhiana News: ਰਵਨੀਤ ਬਿੱਟੂ ਨੇ ਸਾਥੀਆਂ ਸਮੇਤ ਨਗਰ ਨਿਗਮ ਦਫਤਰ ਨੂੰ ਜੜਿਆ ਜਿੰਦਾ, ਪੁਲਿਸ ਨਾਲ ਹੋਈ ਧੱਕਾਮੁੱਕੀ