ਚੰਡੀਗੜ੍ਹ: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਕਾਫੀ ਹੰਗਾਮੇ ਭਰਿਆ ਰਿਹਾ। ਹਾਲਾਂਕਿ, ਸ਼ਾਮ ਚਾਰ ਵਜੇ ਤਕ ਤਕਰੀਬਨ ਸਾਰੇ ਬੂਥਾਂ 'ਤੇ ਵੋਟਿੰਗ ਨੇਪਰੇ ਚਾੜ੍ਹ ਦਿੱਤੀ ਗਈ ਤੇ ਪੋਲਿੰਗ ਬੂਥਾਂ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ। ਕੁਝ ਹੀ ਸਮੇਂ ਵਿੱਚ ਨਤੀਜਿਆਂ ਦਾ ਐਲਾਨ ਹੋ ਜਾਵੇਗਾ। ਉੱਧਰ, ਪੂਰਾ ਦਿਨ ਸੂਬੇ ਵਿੱਚੋਂ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ, ਜਿਸ ਦੇ ਜ਼ਿਲ੍ਹਾਵਾਰ ਵੇਰਵੇ ਹੇਠ ਦਿੱਤੇ ਹਨ-
ਫ਼ਿਰੋਜ਼ਪੁਰ: ਦੁਪਹਿਰ ਤੋਂ ਪਹਿਲਾਂ ਜ਼ਿਲ੍ਹੇ ਦੇ ਪਿੰਡ ਲਖਮੀਰ ਕੇ ਹਿਠਾੜ ਦੇ ਪੋਲਿੰਗ ਬੂਥ ਅੰਦਰ ਜ਼ਬਰਦਸਤ ਹੰਗਾਮਾ ਹੋਇਆ। ਝੜਪ ਦੌਰਾਨ ਜਿੱਥੇ ਕੁਝ ਬਦਮਾਸ਼ਾਂ ਨੇ ਬੈਲੇਟ ਬੌਕਸ ਨੂੰ ਹੀ ਅੱਗ ਲਾ ਦਿੱਤੀ, ਉੱਥੇ ਹੀ ਬਦਮਾਸ਼ਾਂ ਦਾ ਪਿੱਛਾ ਕਰ ਰਹੇ ਮਹਿੰਦਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।
ਬਾਅਦ ਦੁਪਹਿਰ ਜ਼ਿਲ੍ਹੇ ਦੇ ਪਿੰਡ ਖੁੰਦਰ ਉਤਾੜ 'ਚ ਪੋਲਿੰਗ ਦੌਰਾਨ ਗੋਲ਼ੀ ਚੱਲੀ। ਇੱਥੇ ਦੋ ਗਰੁੱਪਾਂ ਵਿੱਚ ਝੜਪ ਹੋਈ ਤੇ ਪੁਲਿਸ ਮੂਕ ਦਰਸ਼ਕ ਬਣੀ ਰਹੀ। ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਕੋਠੀ ਰਾਏ ਸਾਹਿਬ ਵਾਲੀ ਵਿੱਚ ਵੀ ਪੋਲਿੰਗ ਦੌਰਾਨ ਗੋਲ਼ੀ ਚੱਲਣ ਦੀ ਘਟਨਾ ਸਾਹਮਣੇ ਆਈ। ਇਸ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਗੋਲ਼ੀ ਚਲਾਉਣ ਦਾ ਇਲਜ਼ਾਮ ਕਾਂਗਰਸੀ ਵਰਕਰਾਂ 'ਤੇ ਲੱਗਾ ਹੈ।
ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਪੱਕਾ ਚਾਰ ਦੇ ਵਾਸੀਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਕੀਤਾ ਸੜਕ ਜਾਮ ਕਰ ਦਿੱਤੀ। ਪਿੰਡ ਵਾਸੀ ਕਾਂਗਰਸੀ ਸਰਪੰਚ ਉਮੀਦਵਾਰ ਵੱਲੋਂ ਦੂਜੇ ਕਾਂਗਰਸੀ ਉਮੀਦਵਾਰ 'ਤੇ ਧੱਕੇ ਨਾਲ ਜਾਅਲੀ ਵੋਟਾਂ ਪੁਵਾਉਣ ਦੇ ਇਲਜ਼ਾਮਾਂ ਦਾ ਵਿਰੋਧ ਕਰ ਰਹੇ ਹਨ।
ਜ਼ਿਲ੍ਹੇ ਦੇ ਪਿੰਡ ਹਰੀਏ ਵਾਲਾ ਵਿੱਚ ਵੀ ਕੁਝ ਹਿੰਸਾ ਹੋਈ। ਇੱਥੇ ਕਾਂਗਰਸ ਵੱਲੋਂ ਸਮਰਥਿਤ ਉਮੀਦਵਾਰ ਰਮਨਦੀਪ ਸਿੰਘ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਗਿਆ, ਪਰ ਪੁਲਿਸ ਕਪਤਾਨ ਸੇਵਾ ਸਿੰਘ ਮੱਲ੍ਹੀ ਨੇ ਕਿਹਾ ਕਿ ਉਨ੍ਹਾਂ ਨੂੰ ਹਿੰਸਾ ਦੀ ਕੋਈ ਸ਼ਿਕਾਇਤ ਨਹੀਂ ਮਿਲੀ।
ਮੋਗਾ: ਜ਼ਿਲ੍ਹੇ ਦੇ ਪਿੰਡ ਬਹਿਰਾਮ ਵਿੱਚ ਦੋ ਗੁਟਾਂ ਦਰਮਿਆਨ ਝੜਪ ਹੋ ਗਈ, ਜਿਸ ਕਾਰਨ ਵੋਟਿੰਗ ਰੋਕ ਦਿੱਤੀ ਗਈ। ਤਕਰੀਬਨ ਦੋ ਘੰਟੇ ਵੋਟਿੰਗ ਬੰਦ ਰਹੀ। ਇਸ ਤੋਂ ਇਲਾਵਾ ਮੋਗਾ ਦੇ ਪਿੰਡ ਦੀਨਾ ਵਿੱਚ ਹਵਾਈ ਫਾਇਰ ਕੀਤੇ ਜਾਣ ਦੀ ਖ਼ਬਰ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਤਿੰਨ-ਚਾਰ ਗੋਲ਼ੀਆਂ ਚਲਾਈਆਂ ਤੇ ਬੇਸਬਾਲ-ਡੰਡੇ ਨਾਲ ਬਦਮਾਸ਼ੀ ਵੀ ਕੀਤੀ।
ਗੁਰਦਾਸਪੁਰ: ਪਿੰਡ ਬਜ਼ੁਰਗਵਾਲ ਬੂਥ ਨੰਬਰ 129 ਵਿੱਚ ਕਰੀਬ 20-25 ਨਕਾਬਪੋਸ਼ ਨੌਜਵਾਨਾਂ ਕਬਜ਼ਾ ਕਰ ਲਿਆ। ਚੋਣ ਅਫ਼ਸਰ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਉਨ੍ਹਾਂ ਲੁਕ ਕੇ ਜਾਨ ਬਚਾਈ ਤੇ ਘਟਨਾ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਆਦੇਸ਼ 'ਤੇ ਇਸ ਬੂਥ ਦੀ ਵੋਟਿੰਗ ਰੱਦ ਕਰ ਦਿੱਤੀ ਗਈ ਹੈ।
ਪਿੰਡ ਸ਼ਕਰੀ ਵਿੱਚ ਵੀ ਬੂਥ ਕੈਪਚਰਿੰਗ ਦੀ ਘਟਨਾ ਸਾਹਮਣੇ ਆਈ। ਚੋਣ ਅਮਲੇ ਦੇ ਮੁਖੀ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਕਾਫੀ ਗਿਣਤੀ ਵਿੱਚ ਆਏ ਨਕਾਬਪੋਸ਼ਾਂ ਨੇ ਬੂਥ ਦੇ ਲੋਹੇ ਦੇ ਗੇਟ ਨੂੰ ਤੇਜ਼ਧਾਰ ਹਥਿਆਰ ਨਾਲ ਤੋੜ ਦਿੱਤਾ ਤੇ ਅੰਦਰ ਆ ਕੇ ਬੈਲੇਟ ਪੇਪਰਾਂ 'ਤੇ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਲੋਕਾਂ ਨਾਲ ਰਲ਼ ਕੇ ਧਰਨਾ ਦਿੱਤਾ।
ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਖਾਨਫੱਤਾ ਦੇ ਪੋਲਿੰਗ ਬੂਥ ਅੰਦਰ ਦੋ ਕਾਂਗਰਸੀ ਧੜੇ ਭਿੜ, ਜਿਸ ਦੌਰਾਨ ਚਾਰ ਜਣਿਆਂ ਦੀਆਂ ਪੱਗਾ ਵੀ ਲੱਥੀਆਂ ਤੇ ਦੋ ਜ਼ਖ਼ਮੀ ਹੋਏ।
ਜ਼ਿਲ੍ਹੇ ਦੇ ਪਿੰਡ ਨੱਡਾ ਵਾਲੀ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਕਾਮਰੇਡਾਂ ਦੇ ਉਮੀਦਵਾਰ ਨਾਲ ਕੁੱਟਮਾਰ ਕਰਨ ਦੀ ਖ਼ਬਰ ਆਈ। ਸੀਪੀਆਈ ਐਮ ਦੇ ਸੂਬਾ ਸਕੱਤਰ ਦੀ ਲੱਤ ਟੁੱਟ ਗਈ ਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਭੋਜੀਆਂ ਦੇ ਸਰਕਾਰੀ ਸਕੂਲ 'ਚ ਜਾਰੀ ਵੋਟਿੰਗ ਦੌਰਾਨ ਥੱਪੜਾਂ ਦਾ ਮੀਂਹ ਵਰ੍ਹ ਗਿਆ। ਪ੍ਰਾਪਤ ਹੋਈ ਵੀਡੀਓ ਵਿੱਚ ਪਤਾ ਨਹੀਂ ਲੱਗ ਰਿਹਾ ਕੌਣ ਕਿਸ ਨੂੰ ਕੁੱਟ ਰਿਹਾ ਹੈ ਤੇ ਕਿਸਦਾ ਕਿਹੜਾ ਧੜਾ ਹੈ। ਇੱਥੇ ਕੁਝ ਸਮੇਂ ਬਾਅਦ ਮਾਹੌਲ ਠੀਕ ਹੋ ਗਿਆ।
ਅੰਮ੍ਰਿਤਸਰ: ਜ਼ਿਲ੍ਹੇ ਦੇ ਹਲਕੇ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਦੇਹ ਵਿਖੇ ਬੂਥ ਕੈਪਚਰਿੰਗ ਦੀ ਵਾਰਦਾਤ ਹੋਈ ਹੈ। ਇੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਬੈਲਟ ਪੇਪਰ ਪਾੜ ਦਿੱਤੇ, ਪਰ ਪੁਲੀਸ ਨੇ ਚੋਣ ਅਧਿਕਾਰੀ ਦੀ ਸ਼ਿਕਾਇਤ ਨਾ ਮਿਲਣ ਤੋਂ ਬਾਅਦ ਹੀ ਮਾਮਲਾ ਕਰਨ ਦੀ ਗੱਲ ਕਹੀ।
ਹਲਕਾ ਮਜੀਠਾ ਦੇ ਪਿੰਡ ਮਾਨ ਦੇ ਵਿੱਚ ਸੌ ਤੋਂ ਵੱਧ ਵੋਟਾਂ ਪੈਣ ਤੋਂ ਬਾਅਦ ਨਵੀਂ ਵੋਟਰ ਸੂਚੀ ਜਾਰੀ ਹੋਣ ਤੋਂ ਲੋਕ ਪ੍ਰਸ਼ਾਸਨ 'ਤੇ ਭੜਕ ਗਏ। ਕਾਫੀ ਸਮੇਂ ਬਾਅਦ ਵੋਟਿੰਗ ਦੁਬਾਰਾ ਸ਼ੁਰੂ ਹੋਈ।
ਜ਼ਿਲ੍ਹੇ ਦੇ ਪਿੰਡ ਭਿੱਟੇਵਿੰਡ ਤੇ ਲਦੇਹ ਪਿੰਡ ਵਿੱਚ ਪੋਲਿੰਗ ਦੁਬਾਰਾ ਹੋਵੇਗੀ। ਭਿੱਟੇਵਿੰਡ 'ਚ ਚੋਣ ਨਿਸ਼ਾਨ ਗ਼ਲਤ ਛਪ ਗਏ ਸਨ ਅਤੇ ਪਿੰਡ ਲਦੇਹ ਵਿੱਚ ਬੂਥ ਕੈਪਚਰਿੰਗ ਦੀ ਘਟਨਾ ਹੋਣ ਕਰਕੇ ਇੱਥੇ ਵੋਟਿੰਗ ਕੈਂਸਲ ਕਰ ਦਿੱਤੀ ਗਈ।
ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਚੜ੍ਹਤਪੁਰ ਤੇ ਮੱਕੋਵਾਲ ਵਿੱਚ ਕਾਂਗਰਸੀ ਵਰਕਰ ਹੀ ਆਪਸ ਵਿੱਚ ਭਿੜ ਗਏ। ਪੁਲਿਸ ਨੇ ਹਲਕੇ ਬਲ ਦੀ ਵਰਤੋਂ ਕਰਕੇ ਲੋਕਾਂ ਨੂੰ ਸ਼ਾਂਤ ਕੀਤਾ।
ਬਰਨਾਲਾ: ਜ਼ਿਲ੍ਹੇ ਦੇ ਪਿੰਡ ਉੱਗੋਕੇ ਦੀ ਸਰਪੰਚੀ ਲਈ ਚੋਣ ਲੜ ਰਹੀਆਂ ਔਰਤਾਂ ਦੇ ਮੁੰਡਿਆਂ ਨੇ ਪੋਲਿੰਗ ਬੂਥ 'ਤੇ ਕਾਫੀ ਹੱਲਾ ਕੀਤਾ। ਪੁਲਿਸ ਨੇ ਹਲਕੇ ਬਲ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਖਦੇੜ ਦਿੱਤਾ।