Punjab News: ਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਤੇ ਪਾਣੀ ਦਾ ਸੰਕਟ, ਸੁੱਕਣ ਲੱਗੇ ਡੈਮ, ਬੀਬੀਐਮਬੀ ਦੀ ਚੇਤਾਵਨੀ
Punjab News: ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਪਰ ਪਾਣੀ ਸੰਕਟ ਛਾਇਆ ਹੋਇਆ ਹੈ। ਪੰਜਾਬ ਦੇ ਦਰਿਆ ਵੀ ਹੁਣ ਸੁੱਕਣ ਕਿਨਾਰੇ ਪਹੁੰਚ ਗਏ ਹਨ। ਡੈਮਾਂ ਵਿਚਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ।
Punjab News: ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਪਰ ਪਾਣੀ ਸੰਕਟ ਛਾਇਆ ਹੋਇਆ ਹੈ। ਪੰਜਾਬ ਦੇ ਦਰਿਆ ਵੀ ਹੁਣ ਸੁੱਕਣ ਕਿਨਾਰੇ ਪਹੁੰਚ ਗਏ ਹਨ। ਡੈਮਾਂ ਵਿਚਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸ ਨਾਲ ਇਸ ਪਾਸੇ ਪਾਣੀ ਦਾ ਸੰਕਟ ਵਧੇਗਾ ਤੇ ਦੂਜੇ ਪਾਸੇ ਬਿਜਲੀ ਦਾ ਉਤਪਾਦਨ ਵੀ ਘਟੇਗਾ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਦੀ ਤਾਜ਼ਾ ਚੇਤਾਵਨੀ ਡਰਾ ਦੇਣ ਵਾਲੀ ਹੈ। ਇਸ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਡੈਮਾਂ ਵਿੱਚ ਪਾਣੀ 10 ਤੋਂ 15 ਫੀਸਦੀ ਘੱਟ ਹੈ।
ਦਰਅਸਲ ਮੌਨਸੂਨ ਮਗਰੋਂ ਖ਼ਿੱਤੇ ’ਚ ਘੱਟ ਮੀਂਹ ਪੈਣ ਤੇ ਵੱਡੇ ਡੈਮਾਂ ਵਾਲੇ ਇਲਾਕਿਆਂ ’ਚ ਬਰਫ਼ ਜੰਮਣ ਕਾਰਨ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਨੇ ਪਾਣੀ ਦੀ ਉਪਲੱਬਧਤਾ ਨੂੰ ਬਾਰੇ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਹੈ। ਬੋਰਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇ ਠੰਢ ਦੇ ਮੌਸਮ ਦੌਰਾਨ ਬਹੁਤੇ ਮੀਂਹ ਨਾ ਪਏ ਤਾਂ ਪੰਜਾਬ ਤੇ ਹਰਿਆਣਾ ਸਮੇਤ ਹੋਰ ਸੂਬਿਆਂ ਨੂੰ ਗਰਮੀਆਂ ’ਚ ਪਾਣੀ ਤੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਬੀਬੀਐਮਬੀ ਦੇ ਸੀਨੀਅਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ, ‘‘ਅਸੀਂ ਆਪਣੇ ਮੈਂਬਰ ਸੂਬਿਆਂ ਨੂੰ ਆਉਂਦੇ ਮਹੀਨਿਆਂ ’ਚ ਪਾਣੀ ਦੀ ਮੰਗ ਦਾ ਅੰਦਾਜ਼ਾ ਲਾਉਣ ’ਚ ਸਾਵਧਾਨੀ ਵਰਤਣ ਲਈ ਕਿਹਾ ਹੈ ਕਿਉਂਕਿ ਮੌਜੂਦਾ ਭੰਡਾਰਣ ਤੇ ਪ੍ਰਵਾਹ ਸਾਲ ਦੇ ਇਸ ਸਮੇਂ ਲਈ ਆਮ ਨਾਲੋਂ ਘੱਟ ਹੈ।’’ ਦਰਿਆਵਾਂ ਦੀ ਧਰਤੀ ਪੰਜਾਬ ਲਈ ਇਹ ਖਤਰੇ ਦੀ ਘੰਟੀ ਹੈ। ਇੱਕ ਪਾਸੇ ਟਿਊਬਵੈਲਾਂ ਰਾਹੀਂ ਧਰਤੀ ਹੇਠੋਂ ਵੱਡੇ ਪੱਧਰ ਉਪਰ ਪਾਣੀ ਕੱਢਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਹੁਣ ਦਰਿਆਰ ਵੀ ਸੁੱਕਣ ਕਿਨਾਰੇ ਪਹੁੰਚ ਗਏ ਹਨ।
ਦੱਸ ਦਈਏ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਰਾਜਸਥਾਨ ਬੀਬੀਐਮਬੀ ਦੇ ਮੈਂਬਰ ਹਨ ਜੋ ਭਾਖੜਾ ਤੇ ਪੌਂਗ ਡੈਮਾਂ ਤੋਂ ਪਾਣੀ ਲੈਂਦੇ ਹਨ। ਭਾਖੜਾ ਡੈਮ ’ਚ ਬੁੱਧਵਾਰ ਨੂੰ ਪਾਣੀ ਦਾ ਪੱਧਰ 1,633 ਫੁੱਟ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਦੇ ਮੁਕਾਬਲੇ ’ਚ ਕਰੀਬ 15 ਫੁੱਟ ਹੇਠਾਂ ਹੈ।
ਉਧਰ ਪੌਂਗ ਡੈਮ ’ਚ ਪਾਣੀ ਦਾ ਪੱਧਰ 1,343 ਫੁੱਟ ਰਿਕਾਰਡ ਹੋਇਆ ਜੋ ਪਿਛਲੇ ਸਾਲ ਨਾਲੋਂ ਕਰੀਬ 18 ਫੁੱਟ ਘੱਟ ਹੈ। ਅਧਿਕਾਰੀਆਂ ਨੇ ਕਿਹਾ, ‘‘ਭਾਖੜਾ ’ਚ ਪਾਣੀ ਦੀ ਮੌਜੂਦਾ ਭੰਡਾਰਨ ਸਮਰੱਥਾ ਕੁੱਲ ਸਮਰੱਥਾ ਦਾ ਕਰੀਬ 63 ਫ਼ੀਸਦ ਹੈ ਜੋ ਆਮ ਨਾਲੋਂ 10 ਫ਼ੀਸਦ ਘੱਟ ਹੈ ਜਦਕਿ ਪੌਂਗ ’ਚ ਭੰਡਾਰਨ ਸਮਰੱਥਾ 50 ਫ਼ੀਸਦ ਹੈ ਜੋ ਆਮ ਨਾਲੋਂ 15 ਫ਼ੀਸਦ ਘੱਟ ਹੈ।’’ ਜਲਵਾਯੂ ਹਾਲਾਤ ਤੇ ਵਾਤਾਵਰਨ ਕਾਰਨਾਂ ਦੇ ਆਧਾਰ ’ਤੇ ਜਲ ਭੰਡਾਰਾਂ ’ਚ ਪਾਣੀ ਦਾ ਪ੍ਰਵਾਹ ਰੋਜ਼ਾਨਾ ਬਦਲਦਾ ਰਹਿੰਦਾ ਹੈ।