ਚੰਡੀਗੜ੍ਹ: ਪੰਜਾਬ ਦੀਆਂ ਮੰਡੀਆਂ 'ਚ 22 ਅਪ੍ਰੈਲ ਤਕ 23.56 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਦਕਿ ਬੀਤੇ ਸਾਲ ਇਸ ਦੇ ਮੁਕਾਬਲੇ 6.43 ਲੱਖ ਮੀਟ੍ਰਿਕ ਟਨ ਕਣਕ ਆਈ ਸੀ। ਪੰਜਾਬ ਸਰਕਾਰ ਵੱਲੋਂ ਕਣਕ ਲਿਆਉਣ ਲਈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕੂਪਨ ਦੀ ਸੰਖਿਆ ਵਧਾਉਣ ਕਾਰਨ ਮੰਡੀਆਂ 'ਚ ਹੁਣ ਕਣਕ ਦੀ ਫ਼ਸਲ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਜਦਕਿ ਫ਼ਸਲ ਦੀ ਅਦਾਇਗੀ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਤੋਂ ਇਲਾਵਾ ਮੰਡੀਆਂ 'ਚ ਫ਼ਸਲ ਦੀ ਲਗਾਤਾਰ ਆਮਦ ਤੇ ਲੇਬਰ ਘੱਟ ਵੀ ਇਇਕ ਵੱਡੀ ਪ੍ਰੇਸ਼ਾਨੀ ਹੈ।
ਸਰਕਾਰ ਨੇ ਅਜੇ ਤਕ ਕੁੱਲ ਖਰੀਦ ਦਾ 2300 ਕਰੋੜ ਰੁਪਏ ਰਿਲੀਜ਼ ਕਰਨ ਦਾ ਦਾਅਵਾ ਕੀਤਾ ਹੈ ਪਰ ਜ਼ਿਆਦਾਤਰ ਆੜ੍ਹਤੀਆਂ ਕੋਲ ਪੇਮੈਂਟ ਪਹੁੰਚੀ ਨਹੀਂ। ਆੜ੍ਹਤੀਆਂ ਮੁਤਾਬਕ ਜਿੰਨੇ ਕੂਪਨ ਦਿੱਤੇ ਜਾ ਰਹੇ ਹਨ ਓਨੀ ਹੀ ਫ਼ਸਲ ਮੰਗਵਾਈ ਜਾ ਰਹੀ ਹੈ ਪਰ ਲੇਬਰ ਦੀ ਕਮੀ ਹੋਣ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ। ਗੋਦਾਮਾਂ 'ਚ ਗੱਡੀਆਂ ਓਨੀ ਤੇਜ਼ੀ ਨਾਲ ਵਾਪਸ ਨਹੀਂ ਆ ਰਹੀਆਂ ਜਿੰਨੀ ਤੇਜ਼ੀ ਨਾਲ ਜਾਂਦੀਆਂ ਹਨ। ਇਸ ਲਈ ਲਿਫਟਿੰਗ ਦੇਰ ਰਾਤ ਤਕ ਚੱਲਦੀ ਰਹਿੰਦੀ ਹੈ।
ਐਡੀਸ਼ਨਲ ਚੀਫ਼ ਸੈਕਟਰੀ ਡਿਵੈਲਪਮੈਂਟ ਵਿਸ਼ਵਜੀਤ ਖੰਨਾ ਨੇ ਮੰਨਿਆ ਕਿ ਕੁਝ ਮੰਡੀਆਂ 'ਚ ਬਾਰਦਾਨਾ ਤੇ ਲਿਫ਼ਟਿੰਗ ਦੀ ਦਿੱਕਤ ਹੈ ਇਸ ਲਈ 25 ਅਪ੍ਰੈਲ ਲਈ ਦਿੱਤੇ ਜਾਣ ਵਾਲੇ ਕੂਪਨ ਦੀ ਸੰਖਿਆਂ ਘਟਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ 90 ਹਜ਼ਾਰ ਤੇ 24 ਅਪ੍ਰੈਲ ਲਈ 94 ਹਜ਼ਾਰ ਪਾਸ ਜਾਰੀ ਕੀਤੇ ਗਏ ਸਨ।
ਫੂਡ ਐਂਡ ਸਪਲਾਈ ਵਿਭਾਗ ਦੀ ਡਾਇਰੈਕਟਰ ਅਨੰਦਿਤਾ ਮਿੱਤਰਾ ਮੁਤਾਬਕ ਉਨ੍ਹਾਂ ਕੋਲ 80 ਫੀਸਦ ਕਣਕ ਦੀ ਖਰੀਦ ਲਈ ਲੋੜੀਂਦਾ ਬਾਰਦਾਨਾ ਮੌਜੂਦ ਹੈ। ਬਾਕੀ ਲਈ ਅਦਾਇਗੀ ਹੋ ਚੁੱਕੀ ਹੈ ਪਰ ਲੌਕਡਾਊਨ ਕਾਰਨ ਜੂਟ ਫੈਕਟਰੀਆਂ ਬੰਦ ਹੋਣ ਕਾਰਨ ਇਹ ਮਾਲ ਅਟਕ ਗਿਆ। ਇਸ ਦੀ ਭਰਪਾਈ ਗੁਜਰਾਤ ਦੀਆਂ ਕੰਪਨੀਆਂ ਤੋਂ ਕੀਤੀ ਹੈ ਜੋ ਪਲਾਸਟਕ ਦੀਆਂ ਬੋਰੀਆਂ ਬਣਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ 3.27 ਲੱਖ ਗੰਢਾਂ ਚੋਂ 72.30 ਹਜ਼ਾਰ ਗੰਢਾਂ ਹੀ ਲੱਗੀਆਂ ਹਨ ਤੇ 2.55 ਲੱਖ ਗੰਢਾਂ ਸਾਡੇ ਕੋਲ ਹਨ।
ਦਰਅਸਲ, ਹਰ ਕਿਸਾਨ ਦੀ ਕੋਸ਼ਿਸ਼ ਇਹੀ ਹੈ ਕਿ ਉਹ ਜਲਦ ਤੋਂ ਜਲਦ ਆਪਣੀ ਫ਼ਸਲ ਵੇਚ ਕੇ ਸੁਰਖਰੂ ਹੋ ਸਕੇ ਪਰ ਲੌਕਡਾਊਨ ਕਾਰਨ ਇਸ ਵਾਰ ਕਣਕ ਦੀ ਖਰੀਦ-ਵੇਚ ਲਈ ਕਈ ਸਮੱਸਿਆਵਾਂ ਆ ਰਹੀਆਂ ਹਨ। ਇਨ੍ਹਾਂ ਚੋਂ ਇਕ ਲੋਂੜੀਦੀ ਲੇਬਰ ਨਾ ਹੋਣਾ ਵੀ ਹੈ।