Punjab News: ਆਖਰ ਕਿਉਂ ਹੋਈ ਕੁਲਦੀਪ ਧਾਲੀਵਾਲ ਦੀ ਕੈਬਨਿਟ 'ਚੋਂ ਛੁੱਟੀ? ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਦੇ ਕਰੀਬੀ ਨੂੰ ਝਟਕਾ
ਕੁਲਦੀਪ ਧਾਲੀਵਾਲ ਨੂੰ 2022 ਵਿੱਚ 'ਆਪ' ਸਰਕਾਰ ਬਣਨ ਤੋਂ ਬਾਅਦ ਅਹਿਮ ਵਿਭਾਗ ਦਿੱਤੇ ਗਏ ਸਨ ਪਰ ਹੌਲੀ-ਹੌਲੀ ਸਾਰੇ ਵਾਪਸ ਲੈ ਲਏ ਗਏ। ਇਸ ਲਈ ਕੁਲਦੀਪ ਧਾਲੀਵਾਲ ਦੀ ਕੈਬਨਿਟ ਵਿੱਚੋਂ ਛੁੱਟੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਮੁਤਾਬਕ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਹੈ ਪਰ ਨਾਲ ਹੀ ਆਪਣੇ ਬੇਹੱਦ ਕਰੀਬੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ ਹੈ। ਕੁਲਦੀਪ ਧਾਲੀਵਾਲ ਨੂੰ 2022 ਵਿੱਚ 'ਆਪ' ਸਰਕਾਰ ਬਣਨ ਤੋਂ ਬਾਅਦ ਅਹਿਮ ਵਿਭਾਗ ਦਿੱਤੇ ਗਏ ਸਨ ਪਰ ਹੌਲੀ-ਹੌਲੀ ਸਾਰੇ ਵਾਪਸ ਲੈ ਲਏ ਗਏ। ਇਸ ਲਈ ਕੁਲਦੀਪ ਧਾਲੀਵਾਲ ਦੀ ਕੈਬਨਿਟ ਵਿੱਚੋਂ ਛੁੱਟੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅਹਿਮ ਗੱਲ ਹੈ ਕਿ ਆਮ ਆਦਮੀ ਪਾਰਟੀ ਤੇ ਸਰਕਾਰ ਨੇ ਕੁਲਦੀਪ ਧਾਲੀਵਾਲ ਦੇ ਅਸਤੀਫ਼ੇ ਦੇ ਕਾਰਨਾਂ 'ਤੇ ਖਾਮੋਸ਼ੀ ਸਾਧੀ ਹੋਈ ਹੈ, ਪਰ ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ 'ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਧਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਹੈ।
ਪਤਾ ਲੱਗਾ ਹੈ ਕਿ ਧਾਲੀਵਾਲ ਕੈਬਨਿਟ ਵਿੱਚੋਂ ਕੱਢੇ ਜਾਣ ਤੋਂ ਨਾਖੁਸ਼ ਹਨ। ਧਾਲੀਵਾਲ ਵਾਰ-ਵਾਰ ਇੱਕੋ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਉਹ ਪੰਜਾਬ ਨੂੰ ਪਿੱਠ ਨਹੀਂ ਦਿਖਾਉਣਗੇ, ਉਹ ਪੰਜਾਬ ਲਈ ਆਖ਼ਰੀ ਦਮ ਤੱਕ ਲੜਣਗੇ। ਉਹ ਪੰਜਾਬ ਲਈ ਜੰਗ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਜਰੀਵਾਲ ਦੇ ਕਹਿਣ ’ਤੇ ਅਮਰੀਕਾ ਦੀ ਨਾਗਰਿਕਤਾ ਛੱਡੀ ਸੀ।
ਦੱਸ ਦਈਏ ਕਿ ਕੁਲਦੀਪ ਸਿੰਘ ਧਾਲੀਵਾਲ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੁਰਾਣੀ ਨੇੜਤਾ ਚੱਲੀ ਆ ਰਹੀ ਹੈ ਤੇ ਧਾਲੀਵਾਲ ਨੇ ਭਗਵੰਤ ਮਾਨ ਨਾਲ ਇਕੱਠੇ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਵੀ ਕੰਮ ਕੀਤਾ ਹੈ। ਮੁੱਖ ਮੰਤਰੀ ਦੇ ਕੈਬਨਿਟ ’ਚ ਨੇੜਲੇ ਸਾਥੀਆਂ ’ਚੋਂ ਧਾਲੀਵਾਲ ਇੱਕ ਰਹੇ ਹਨ। ਧਾਲੀਵਾਲ 2014 ਤੋਂ ਹੀ ‘ਆਪ’ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਅਮਰੀਕਾ ਦੀ ਨਾਗਰਿਕਤਾ ਤਿਆਗ ਕੇ ‘ਆਪ’ ਦੀ ਟਿਕਟ ’ਤੇ ਚੋਣ ਲੜੀ। ਪਿਛਲੀ ਲੋਕ ਸਭਾ ਚੋਣ ’ਚ ਵੀ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਪਰ ਉਹ ਚੋਣ ਹਾਰ ਗਏ ਸਨ। ਜਦੋਂ ਧਾਲੀਵਾਲ ਪੰਚਾਇਤ ਮੰਤਰੀ ਸਨ ਤਾਂ ਉਨ੍ਹਾਂ ਨੇ ਕਰੀਬ 11 ਹਜ਼ਾਰ ਏਕੜ ਪੰਚਾਇਤ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਇਆ ਸੀ।
ਦਰਅਸਲ ਜਦੋਂ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਕੁਲਦੀਪ ਧਾਲੀਵਾਲ ਨੂੰ ਤਿੰਨ ਅਹਿਮ ਮੰਤਰਾਲੇ ਦਿੱਤੇ ਗਏ। ਇਨ੍ਹਾਂ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਗ੍ਰਾਮ ਵਿਕਾਸ ਤੇ ਪੰਚਾਇਤ, ਐਨਆਰਆਈ ਮਾਮਲੇ ਸ਼ਾਮਲ ਸਨ। 2023 ਵਿੱਚ ਕੈਬਨਿਟ ਫੇਰਬਦਲ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਉਨ੍ਹਾਂ ਤੋਂ ਵਾਪਸ ਲੈ ਲਿਆ ਗਿਆ ਸੀ ਤੇ ਉਨ੍ਹਾਂ ਨੂੰ ਸਿਰਫ਼ ਪ੍ਰਸ਼ਾਸਕੀ ਸੁਧਾਰ ਤੇ ਐਨਆਰਆਈ ਵਿਭਾਗ ਦਿੱਤਾ ਗਿਆ।
ਖੂਬ ਚਰਚਾ ਵਿੱਚ ਰਹੇ ਧਾਲੀਵਾਲ
ਮੰਤਰੀ ਬਣਦਿਆਂ ਹੀ ਧਾਲੀਵਾਲ ਨੇ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਵੱਡੀ ਮੁਹਿੰਮ ਚਲਾਈ। ਮਈ 2022 ਵਿੱਚ ਹੀ 10 ਦਿਨਾਂ ਵਿੱਚ ਰਾਜ ਭਰ ਵਿੱਚ ਲਗਪਗ 1,200 ਏਕੜ ਜ਼ਮੀਨ ਤੋਂ ਕਬਜ਼ੇ ਹਟਾਏ ਗਏ। ਉਨ੍ਹਾਂ ਨੇ ਮੋਹਾਲੀ ਦੇ ਫਤਿਹਗੜ੍ਹ ਤੇ ਸਿਸਵਾਂ ਪਿੰਡਾਂ ਤੋਂ ਸੈਂਕੜੇ ਏਕੜ ਜ਼ਮੀਨ ਛੁਡਵਾਈ। ਇਸ ਤੋਂ ਇਲਾਵਾ 26,300 ਏਕੜ ਸ਼ਾਮਲਾਟ ਜ਼ਮੀਨ ਦੀ ਪਛਾਣ ਕੀਤੀ ਗਈ, ਜੋ ਨਾਜਾਇਜ਼ ਕਬਜ਼ੇ ਹੇਠ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਹ ਕਦਮ ਜਨਤਾ ਦੀਆਂ ਨਜ਼ਰਾਂ ਵਿੱਚ ਸ਼ਲਾਘਾਯੋਗ ਸੀ, ਪਰ ਅੰਦਰੂਨੀ ਰਾਜਨੀਤੀ ਵਿੱਚ ਉਨ੍ਹਾਂ ਲਈ ਘਾਟੇ ਦਾ ਸੌਦਾ ਸਾਬਤ ਹੋਇਆ। ਜਦੋਂ ਉਹ ਇਸ ਕੰਮ ਨੂੰ ਅੱਗੇ ਵਧਾ ਰਹੇ ਸਨ ਤਾਂ ਉਨ੍ਹਾਂ ਤੋਂ ਪੰਚਾਇਤ ਵਿਭਾਗ ਵਾਪਸ ਲੈ ਲਿਆ ਗਿਆ।
ਅਜਿਹੇ ਵਿਭਾਗ ਦੇ ਮੰਤਰੀ ਬਣਾਏ, ਜਿਸ ਦਾ ਕੋਈ ਵਜੂਦ ਹੀ ਨਹੀਂ ਸੀ
ਜਦੋਂ 1 ਜੂਨ 2023 ਨੂੰ ਉਨ੍ਹਾਂ ਤੋਂ ਖੇਤੀਬਾੜੀ ਵਿਭਾਗ ਵਾਪਸ ਲੈ ਲਿਆ ਗਿਆ ਤਾਂ ਉਨ੍ਹਾਂ ਨੂੰ ਪ੍ਰਸ਼ਾਸਕੀ ਸੁਧਾਰ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਪਰ ਇਹ ਉਹੀ ਵਿਭਾਗ ਸੀ ਜਿਸ ਨੂੰ 2012 ਵਿੱਚ ਹੀ ਬੰਦ ਕਰ ਦਿੱਤਾ ਗਿਆ ਸੀ ਤੇ ਜਿਸ ਨੂੰ ਦੁਬਾਰਾ ਕਦੇ ਐਕਟਿਵ ਨਹੀਂ ਕੀਤਾ ਗਿਆ। ਧਾਲੀਵਾਲ 20 ਮਹੀਨਿਆਂ ਤੱਕ ਅਜਿਹੇ ਵਿਭਾਗ ਦੇ ਮੰਤਰੀ ਰਹੇ, ਜਿਸ ਦਾ ਕੋਈ ਦਫ਼ਤਰ ਤੇ ਕਰਮਚਾਰੀ ਨਹੀਂ ਸਨ। ਅੰਤ ਵਿੱਚ 7 ਫਰਵਰੀ 2025 ਨੂੰ ਇਸ ਵਿਭਾਗ ਨੂੰ ਇੱਕ ਗਜ਼ਟ ਨੋਟੀਫਿਕੇਸ਼ਨ ਰਾਹੀਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਤੇ ਉਨ੍ਹਾਂ ਕੋਲ ਸਿਰਫ਼ ਐਨਆਰਆਈ ਵਿਭਾਗ ਰਹਿ ਗਿਆ।




















