ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾ ਵਿੱਚ ਟਿਕਟਾਂ ਦੀ ਖ਼ਰੀਦ-ਵੇਚ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ, ‘‘ਆਮ ਆਦਮੀ ਪਾਰਟੀ ਵਿੱਚ ਨਾ ਤਾਂ ਟਿਕਟ ਖ਼ਰੀਦੀ ਜਾਂਦੀ ਹੈ ਅਤੇ ਨਾ ਹੀ ਵੇਚੀ ਜਾਂਦੀ ਹੈ। ਜੇ ਕਿਸੇ ਕੋਲ ਪੈਸੇ ਲੈ ਕੇ ਟਿਕਟ ਦੇਣ ਦਾ ਸਬੂਤ ਹੈ ਤਾਂ ਮੈਨੂੰ ਦੇਣ, ਮੈਂ ਕਾਰਵਾਈ ਕਰਾਂਗਾ ਅਤੇ ਅਜਿਹੇ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਪਾਰਟੀ ਤੋਂ ਬਾਹਰ ਕੱਢ ਕੇ ਜੇਲ੍ਹ ਭੇਜ ਦੇਵਾਂਗਾ। ਆਮ ਆਦਮੀ ਪਾਰਟੀ ਵਿੱਚ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਲਈ ਕੋਈ ਥਾਂ ਨਹੀਂ ਹੈ।’’
ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਾਂਗਰਸ ਅਤੇ ਭਾਜਪਾ ਸਮੇਤ ਤਮਾਮ ਪਾਰਟੀਆਂ ਨੇ ਦੇਸ਼ ਉੱਤੇ ਰਾਜ ਕੀਤਾ। ਸਾਰੀਆਂ ਪਾਰਟੀਆਂ ’ਤੇ ਭ੍ਰਿਸ਼ਟਾਚਾਰ ਅਤੇ ਘੋਟਾਲੇ ਦੇ ਦੋਸ਼ ਲੱਗੇ ਹਨ, ਪਰ ਆਮ ਆਦਮੀ ਪਾਰਟੀ ਦੇਸ਼ ਦੀ ਇਕੱਲੀ ਅਜਿਹੀ ਪਾਰਟੀ ਹੈ, ਜਿਸ ਦੀ ਬੁਨਿਆਦ ਹੀ ਇਮਾਨਦਾਰੀ ਅਤੇ ਸੰਘਰਸ਼ ’ਤੇ ਟਿੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਇਮਾਨਦਾਰ ਪਾਰਟੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਿੱਚ ਅੱਜ ਕੱਲ੍ਹ ਇਸ ਤਰ੍ਹਾਂ ਦੇ ਦੋਸ਼ ਲਾਉਣ ਦੀ ਹੋੜ ਲੱਗੀ ਹੋਈ ਹੈ। ਆਪਣੀ ਰਾਜਨੀਤੀ ਚਮਕਾਉਣ ਲਈ ਰਿਵਾਇਤੀ ਪਾਰਟੀਆਂ ਦੇ ਆਗੂ ਇੱਕ- ਦੂਜੇ ’ਤੇ ਚਿੱਕੜ ਸੁੱਟਦੇ ਹਨ ਅਤੇ ਜਨਤਾ ਨੂੰ ਗੁੰਮਰਾਹ ਕਰਦੇ ਹਨ। ਆਮ ਆਦਮੀ ਪਾਰਟੀ ਦੋਸ਼- ਪ੍ਰਤੀ ਦੋਸ਼, ਗਾਲ਼ੀ- ਗਲੋਚ ਅਤੇ ਚਿੱਕੜ ਸੁੱਟਣ ਦੀ ਰਾਜਨੀਤੀ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਸਚਾਈ ਦਾ ਰਸਤਾ ਕੰਡਿਆਂ ਭਰਿਆ ਹੁੰਦਾ ਹੈ ਅਤੇ ਆਮ ਆਦਮੀ ਪਾਰਟੀ ਨੇ ਇਨ੍ਹਾਂ ਕੰਡਿਆਂ ਭਰੇ ਰਾਹਾਂ ਨੂੰ ਪਾਰ ਕਰਨਾ ਹੈ। ਸਾਰੀਆਂ ਵਿਰੋਧੀਆਂ ਪਾਰਟੀਆਂ ਪੰਜਾਬ ਵਿੱਚ ‘ਆਪ’ ਨੂੰ ਰੋਕਣ ਲਈ ਤਰ੍ਹਾਂ- ਤਰ੍ਹਾਂ ਦੇ ਝੂਠੇ ਤੇ ਬੇਬੁਨਿਆਦ ਦੋਸ਼ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਪੰਜਾਬ ਦੇ ਲੋਕ ਇਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਲਾਏ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਰਾਜੇਵਾਲ ਜੀ ਦੀ ਇੱਜ਼ਤ ਕਰਦੇ ਹਨ। ‘ਆਪ’ ਨੂੰ ਬਦਨਾਮ ਕਰਨ ਲਈ ਕਿਸੇ ਨੇ ਉਨ੍ਹਾਂ (ਰਾਜੇਵਾਲ) ਨੂੰ ਝੂਠੀ ਆਡੀਓ ਰਿਕਾਰਡਿੰਗ ਦੇ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਾਜਿਸ਼ਕਾਰੀਆਂ ਤੋਂ ਬਚਣਾ ਚਾਹੀਦਾ ਹੈ। ਰਾਜੇਵਾਲ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜੇ ਉਨ੍ਹਾਂ (ਰਾਜੇਵਾਲ) ਨੂੰ ਕੋਈ ਵੀ ਵਿਅਕਤੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਸਬੂਤ ਦਿੰਦਾ ਹੈ, ਤਾਂ ਅਜਿਹੇ ਸਬੂਤ ਨੂੰ ਲੋਕਾਂ ਦੇ ਵਿਚਕਾਰ ਰੱਖ ਦੇਣ ਤਾਂ ਜੋ ਪੰਜਾਬ ਦੇ ਲੋਕ ਫ਼ੈਸਲਾ ਕਰ ਸਕਣ।